ਦਬੰਗ ਦਿੱਲੀ ਨੂੰ ਹਰਾਕੇ ਚੇਨਈ ਲਾਇਨਸ ਨੇ ਜਿੱਤਿਆ UTT ਖਿਤਾਬ

08/12/2019 11:01:06 AM

ਨਵੀਂ ਦਿੱਲੀ— ਚੇਨਈ ਲਾਇਨਸ ਨੇ ਅਲਟੀਮੇਟ ਟੇਬਲ ਟੈਨਿਸ (ਯੂ.ਟੀ.ਟੀ.) ਦੇ ਤੀਜੇ ਸੈਸ਼ਨ ਦੇ ਫਾਈਨਲ 'ਚ ਸਾਬਕਾ ਜੇਤੂ ਦਬੰਗ ਦਿੱਲੀ ਨੂੰ 8-1 ਨਾਲ ਹਰਾ ਕੇ ਐਤਵਾਰ ਨੂੰ ਇੱਥੇ ਪਹਿਲੀ ਵਾਰ ਖਿਤਾਬ ਆਪਣੇ ਨਾਂ ਕੀਤਾ। ਇੱਥੋਂ ਦੇ ਤਿਆਗਰਾਜ ਸਟੇਡੀਅਮ 'ਚ ਖੇਡੇ ਗਏ ਇਕਪਾਸੜ ਫਾਈਨਲ ਮੁਕਾਬਲੇ 'ਚ ਚੇਨਈ ਲਈ ਮਹਿਲਾ ਸਿੰਗਲ 'ਚ ਪੇਟ੍ਰਿਕਾ ਸੋਲਜਾ, ਪੁਰਸ਼ ਸਿੰਗਲ 'ਚ ਖਿਡਾਰੀ ਟਿਆਗੋ ਅਪੋਲੋਨੀਆ ਅਤੇ ਮਿਕਸਡ ਡਬਲਜ਼ ਜੋੜੀ (ਅਚੰਤਾ ਸ਼ਰਤ ਕਮਲ ਅਤੇ ਪੇਟ੍ਰਿਕਾ) ਨੇ ਸ਼ੁਰੂਆਤੀ ਤਿੰਨ ਮੁਕਾਬਲੇ ਜਿੱਤ ਕੇ ਟੀਮ ਨੂੰ ਚੈਂਪੀਅਨ ਬਣਾਇਆ। 

ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਜਰਮਨੀ  ਦੀ ਪੇਟ੍ਰਿਕਾ ਨੇ ਮਹਿਲਾ ਸਿੰਗਲ ਦੇ ਪਹਿਲੇ ਮੁਕਾਬਲੇ 'ਚ ਦਿੱਲੀ ਦੀ ਰੋਮਾਨੀਆਈ ਖਿਡਾਰਨ ਬੇਰਨਾਡੇਟੀ ਜਾਸਕ ਨੂੰ 2-1 (11-5, 11-4, 9-11) ਨਾਲ ਹਰਾ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਇਸ ਤੋਂ ਬਾਅਦ ਪੁਰਸ਼ਾਂ ਦੇ ਸਿੰਗਲ ਮੁਕਾਬਲੇ 'ਚ ਅਪੋਲੋਨੀਆ ਨੇ ਦਿੱਲੀ ਦੇ ਕਪਤਾਨ ਜੀ ਸਾਥੀਆਨ ਨੂੰ 3-0 ਨਾਲ ਹਰਾ ਕੇ ਚੇਨਈ ਦੀ ਬੜ੍ਹਤ ਨੂੰ 5-1 ਕਰ ਦਿੱਤਾ। ਵਿਸ਼ਵ ਰੈਂਕਿੰਗ 'ਚ 71ਵੇਂ ਸਥਾਨ 'ਤੇ ਕਾਬਜ ਪੁਰਤਗਾਲ ਦੇ ਅਪੋਲੋਨੀਆ ਨੇ ਸਾਥੀਆਨ ਨੂੰ 11-6, 11-7, 11-9 ਨਾਲ ਹਰਾਇਆ। ਤੀਜਾ ਮੁਕਾਬਲਾ ਮਿਕਸਡ ਡਬਲਜ਼ ਸੀ, ਜਿਸ 'ਚ ਚੇਨਈ ਲਈ ਅਚੰਤਾ ਸ਼ਰਤ ਕਮਲ ਅਤੇ ਪੇਟ੍ਰਿਕਾ ਨੇ ਦਿੱਲੀ ਦੇ ਸਾਥੀਆਨ ਅਤੇ ਜਾਸਕਾ ਖਿਲਾਫ 3-0 (11-7, 11-2, 11-3) ਦੀ ਜਿੱਤ ਹਾਸਲ ਕਰਦੇ ਹੋਏ ਆਪਣੀ ਟੀਮ ਨੂੰ ਖਿਤਾਬ ਤਕ ਪਹੁੰਚਾ ਦਿੱਤਾ। ਚੇਨਈ ਵੱਲੋਂ ਅਜੇਤੂ ਬੜ੍ਹਤ ਹਾਸਲ ਕਰਨ ਦੇ ਕਾਰਨ ਬਾਕੀ ਦੇ ਦੋ ਮੈਚਾਂ ਦੀ ਲੋੜ ਨਹੀਂ ਪਈ।


Tarsem Singh

Content Editor

Related News