ਅੰਡਰ-19 : ਭਾਰਤ ਨੇ ਜ਼ਿੰਬਾਬਵੇ ਨੂੰ 89 ਦੌੜਾਂ ਨਾਲ ਹਰਾਇਆ
Sunday, Jan 05, 2020 - 09:18 PM (IST)

ਡਰਬਨ— ਓਪਨਰ ਦਿਵਯਾਂਸ਼ ਸਕਸੈਨਾ ਦੀ ਅਜੇਤੂ 128 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਅੰਡਰ-19 ਟੀਮ ਨੇ ਚਾਰ ਦੇਸ਼ਾਂ ਦੇ ਵਨ ਡੇ ਟੂਰਨਾਮੈਂਟ 'ਚ ਜ਼ਿੰਬਾਬਵੇ ਨੂੰ ਐਤਵਾਰ ਨੂੰ 89 ਦੌੜਾਂ ਨਾਲ ਹਰਾ ਕੇ ਆਪਣੀ ਦੂਜੀ ਜਿੱਤ ਦਰਜ ਕੀਤੀ। ਭਾਰਤ ਨੇ 50 ਓਵਰਾਂ 'ਚ 5 ਵਿਕਟਾਂ 'ਤੇ 301 ਦੌੜਾਂ ਦੇ ਵਿਸ਼ਾਲ ਸਕੋਰ ਬਣਾਇਆ, ਜਿਸ ਦੇ ਜਵਾਬ 'ਚ ਜ਼ਿੰਬਾਬਵੇ ਦੀ ਟੀਮ 49.5 ਓਵਰ 'ਚ 212 ਦੌੜਾਂ 'ਤੇ ਢੇਰ ਹੋ ਗਈ। ਦਿਵਯਾਂਸ਼ ਨੇ 137 ਗੇਂਦਾਂ 'ਤੇ 11 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 128 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਜਿੱਤ ਤੋਂ ਬਾਅਦ ਭਾਰਤ ਦੇ 2 ਮੈਚਾਂ 'ਚ 8 ਅੰਕ ਹੋ ਗਏ ਹਨ। ਦਿਵਯਾਂਸ਼ ਨੇ ਯਸ਼ਸਵੀ ਨਾਲ ਪਹਿਲੇ ਵਿਕਟ ਲਈ 143 ਦੌੜਾਂ ਦੀ ਸਾਂਝੇਦਾਰੀ ਕੀਤੀ। ਯਸ਼ਸਵੀ ਨੇ 86 ਗੇਂਦਾਂ 'ਤੇ 78 ਦੌੜਾਂ ਦੀ ਸ਼ਾਨਦਾਰ ਪਾਰੀ 'ਚ ਪੰਜ ਚੌਕੇ ਤੇ 2 ਛੱਕੇ ਲਗਾਏ।
ਦਿਨ ਦੇ ਇਕ ਹੋਰ ਮੈਚ 'ਚ ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਦੀ ਪਾਰੀ 48.5 ਓਵਰ 'ਚ 163 ਦੌੜਾਂ 'ਤੇ ਢੇਰ ਹੋ ਗਈ ਜਦਕਿ ਦੱਖਣੀ ਅਫਰੀਕਾ ਨੇ 38.3 ਓਵਰ 'ਚ ਪੰਜ ਵਿਕਟਾਂ 'ਤੇ 165 ਦੌੜਾਂ ਬਣਾ ਕੇ 2 ਮੈਚਾਂ 'ਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ।