ਮੈਰਾਥਨ ਫੈਸਲਾਕੁੰਨ ਸੈੱਟ ਰੋਕਣ ਲਈ ਟਾਈਬ੍ਰੇਕ ਦੀ ਉੱਠੀ ਮੰਗ
Sunday, Jul 15, 2018 - 01:52 AM (IST)

ਲੰਡਨ - ਅਮਰੀਕਾ ਦੇ ਜਾਨ ਇਸਨਰ ਤੇ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਵਿਚਾਲੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ 2 ਘੰਟੇ 55 ਮਿੰਟ ਤਕ ਚੱਲੇ ਫੈਸਲਾਕੁੰਨ ਸੈੱਟ ਤੋਂ ਬਾਅਦ ਹੁਣ ਫਿਰ ਤੋਂ ਇਹ ਮੰਗ ਉੱਠੀ ਹੈ ਕਿ ਫੈਸਲਾਕੁੰਨ ਸੈੱਟ ਵਿਚ ਵੀ ਟਾਈਬ੍ਰੇਕ ਦੀ ਮਨਜ਼ੂਰੀ ਦਿੱਤੀ ਜਾਵੇ।
ਗ੍ਰੈਂਡ ਸਲੈਮ ਤੇ ਹੋਰਨਾਂ ਟੂਰਨਾਮੈਂਟਾਂ ਵਿਚ ਫੈਸਲਾਕੁੰਨ ਸੈੱਟ 6-6 ਦੀ ਬਰਾਬਰੀ ਤੋਂ ਬਾਅਦ ਇਹ ਨਿਯਮ ਰਹਿੰਦਾ ਹੈ ਕਿ ਜਿਹੜਾ ਖਿਡਾਰੀ ਲਗਾਤਾਰ ਦੋ ਗੇਮ ਜਿੱਤੇਗਾ, ਉਹ ਮੈਚ ਜੇਤੂ ਹੋਵੇਗਾ। ਇਨ੍ਹਾਂ ਟੂਰਨਾਮੈਂਟਾਂ ਵਿਚ ਫੈਸਲਾਕੁੰਨ ਸੈੱਟ ਵਿਚ ਟਾਈਬ੍ਰੇਕ ਦਾ ਨਿਯਮ ਲਾਗੂ ਨਹੀਂ ਹੁੰਦਾ। ਇਸਨਰ ਤੇ ਐਂਡਰਸਨ ਵਿਚਾਲੇ ਪੰਜਵੇਂ ਸੈੱਟ ਦਾ ਫੈਸਲਾ 26-24 'ਤੇ ਜਾ ਕੇ ਹੋਇਆ, ਜਿਸ ਨੂੰ ਐਂਡਰਸਨ ਨੇ ਜਿੱਤ ਕੇ ਪਹਿਲੀ ਵਾਰ ਵਿੰਬਲਡਨ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਇਸਨਰ ਉਹ ਹੀ ਮੈਰਾਥਨ ਮੈਨ ਹੈ, ਜਿਸ ਨੇ 8 ਸਾਲ ਪਹਿਲਾਂ ਨਿਕੋਲਸ ਮਾਹੂਤ ਨਾਲ ਵਿੰਬਲਡਨ ਵਿਚ ਪਹਿਲੇ ਰਾਊਂਡ ਦਾ ਮੈਚ 11 ਘੰਟੇ 5 ਮਿੰਟ ਤੇ ਤਿੰਨ ਦਿਨ ਵਿਚ ਖੇਡਿਆ ਸੀ। ਇਸਦੇ ਫੈਸਲਾਕੁੰਨ ਸੈੱਟ ਦਾ ਫੈਸਲਾ 70-68 ਦੇ ਸਕੋਰ 'ਤੇ ਹੋਇਆ ਸੀ। ਆਖਰੀ ਸੈੱਟ ਦੇ ਇਸ ਤਰ੍ਹਾਂ ਲੰਬਾ ਖਿੱਚੇ ਜਾਣ ਤੋਂ ਬਾਅਦ ਟੈਨਿਸ ਵਿਚ ਇਹ ਮੰਗ ਫਿਰ ਤੋਂ ਉੱਠੀ ਹੈ ਕਿ ਆਖਰੀ ਸੈੱਟ ਵਿਚ ਵੀ ਟਾਈਬ੍ਰੇਕ ਦਾ ਨਿਯਮ ਲਾਗੂ ਕੀਤਾ ਜਾਵੇ।