ਵਿਸ਼ਵ ਚੈਂਪੀਅਨਸ਼ਿਪ ਲਈ ਟ੍ਰਾਇਲ 25-26 ਅਗਸਤ ਨੂੰ ਪਟਿਆਲਾ ’ਚ, ਕਿਸੇ ਵੀ ਪਹਿਲਵਾਨ ਨੂੰ ਛੋਟ ਨਹੀਂ
Tuesday, Aug 15, 2023 - 04:53 PM (IST)
ਨਵੀਂ ਦਿੱਲੀ (ਭਾਸ਼ਾ)–ਦੇਸ਼ ’ਚ ਕੁਸ਼ਤੀ ਦਾ ਸੰਚਾਲਨ ਕਰ ਰਹੀ ਐਡਹਾਕ ਕਮੇਟੀ ਨੇ ਸੋਮਵਾਰ ਨੂੰ ਦੱਸਿਆ ਕਿ ਵਿਸ਼ਵ ਚੈਂਪੀਅਨਸ਼ਿਪ ਲਈ 25 ਤੇ 26 ਅਗਸਤ ਨੂੰ ਪਟਿਆਲਾ ’ਚ ਟ੍ਰਾਇਲ ਦਾ ਆਯੋਜਨ ਹੋਵੇਗਾ, ਜਿਸ ’ਚ ਕਿਸੇ ਵੀ ਪਹਿਲਵਾਨ ਨੂੰ ਛੋਟ ਨਹੀਂ ਮਿਲੇਗੀ। ਏਸ਼ੀਆਈ ਖੇਡਾਂ ਦੇ ਟ੍ਰਾਇਲਾਂ ਤੋਂ ਬਜਰੰਗ ਤੇ ਵਿਨੇਸ਼ ਫੋਗਟ ਨੂੰ ਦਿੱਤੀ ਗਈ ਛੋਟ ਨਾਲ ਭਾਰੀ ਹੰਗਾਮਾ ਹੋਇਆ ਸੀ ਤੇ ਕੁਸ਼ਤੀ ਜਗਤ ਦੇ ਜ਼ਿਆਦਾਤਰ ਲੋਕਾਂ ਨੇ ਐਡਹਾਕ ਕਮੇਟੀ ਦੇ ਇਸ ਫੈਸਲੇ ਦੀ ਆਲੋਚਨਾ ਕੀਤੀ ਸੀ।
ਕਮੇਟੀ ਨੇ 16-24 ਸਤੰਬਰ ਤਕ ਬੇਲਗ੍ਰੇਡ ’ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਟ੍ਰਾਇਲਾਂ ’ਚ ਕਿਸੇ ਵੀ ਪਹਿਲਵਾਨ ਨੂੰ ਛੋਟ ਨਾ ਦੇਣ ਦਾ ਐਲਾਨ ਕੀਤਾ ਹੈ। ਵਿਸ਼ਵ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੀ ਚੋਣ ਲਈ ਤੈਅ ਮਾਪਦੰਡਾਂ ’ਚ ਐਡਹਾਕ ਪੈਨਲ ਨੇ ਕਿਹਾ,‘‘2022 ਤੇ 2023 ’ਚ ਆਯੋਜਿਤ ਸਾਰੇ ਕੌਮਾਂਤਰੀ/ਰੈਂਕਿੰਗ/ਏਸ਼ੀਆਈ/ਵਿਸ਼ਵ ਚੈਂਪੀਅਨਸ਼ਿਪ/ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਤੇ ਮੁਕਾਬਲੇਬਾਜ਼ਾਂ ਤੋਂ ਇਲਾਵਾ 2021 ਟੋਕੀਓ ਓਲੰਪਿਕ ਖੇਡਾਂ ਦੇ ਮੁਕਾਬਲੇਬਾਜ਼ ਇਸ ਟ੍ਰਾਇਲ ’ਚ ਹਿੱਸਾ ਲੈ ਸਕਦੇ ਹਨ।’’ ਬਜਰੰਗ ਤੇ ਵਿਨੇਸ਼ ਨੇ ਅਜੇ ਤਕ ਇਨ੍ਹਾਂ ਟ੍ਰਾਇਲਾਂ ’ਚ ਸ਼ਾਮਲ ਹੋਣ ਦਾ ਮਨ ਨਹੀਂ ਬਣਾਇਆ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ 23 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਹਾਂਗਝੋਓ ਏਸ਼ੀਆਈ ਖੇਡਾਂ ਬਹੁਤ ਹੀ ਨੇੜੇ ਹਨ। ਵਿਸ਼ਵ ਚੈਂਪੀਅਨਸ਼ਿਪ 2024 ਪੈਰਿਸ ਓਲੰਪਿਕ ਲਈ ਪਹਿਲੀ ਕੁਆਲੀਫਾਇੰਗ ਪ੍ਰਤੀਯੋਗਿਤਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।