ਟੂਰਨਾਮੈਂਟ ਪੂਰੀ ਤਰ੍ਹਾਂ ਨਾਲ ਭਾਰਤ ਦੇ ਹਿਸਾਬ ਨਾਲ ਬਣਾਇਆ ਗਿਆ, ICC ਨੂੰ ਥੋੜਾ ਨਿਰਪੱਖ ਹੋਣਾ ਚਾਹੀਦਾ : ਵਾਨ

Friday, Jun 28, 2024 - 11:03 AM (IST)

ਟੂਰਨਾਮੈਂਟ ਪੂਰੀ ਤਰ੍ਹਾਂ ਨਾਲ ਭਾਰਤ ਦੇ ਹਿਸਾਬ ਨਾਲ ਬਣਾਇਆ ਗਿਆ, ICC ਨੂੰ ਥੋੜਾ ਨਿਰਪੱਖ ਹੋਣਾ ਚਾਹੀਦਾ : ਵਾਨ

ਲੰਡਨ- ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਮੌਜੂਦਾ ਟੀ-20 ਵਿਸ਼ਵ ਕੱਪ ‘ਪੂਰੀ ਤਰ੍ਹਾਂ ਭਾਰਤ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ’ ਅਤੇ ਵਿਸ਼ਵ ਸੰਸਥਾ ਆਈ. ਸੀ. ਸੀ. ਨੂੰ ਦੂਜੇ ਦੇਸ਼ਾਂ ਦੇ ਪ੍ਰਤੀ ਥੋੜਾ ਨਿਰਪੱਖ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਿਰਫ ਵਪਾਰਕ ਲਾਭ ਲਈ ਕਰਵਾਈ ਜਾਣ ਵਾਲੀ ਦੋ-ਪੱਖੀ ਸੀਰੀਜ਼ ਨਹੀਂ ਹੈ। ਵਾਨ ਅਕਸਰ ਅੰਤਰਰਾਸ਼ਟਰੀ ਕ੍ਰਿਕਟ ’ਚ ਆਪਣੀ ਤਾਕਤ ਦਿਖਾਉਣ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਅਤੇ ਭਾਰਤ ਦੀ ਆਲੋਚਨਾ ਕਰਦੇ ਰਹਿੰਦੇ ਹਨ। 49 ਸਾਲਾ ਵਾਨ ਨੇ ਆਸਟ੍ਰੇਲੀਆ ਦੇ ਮਹਾਨ ਖਿਡਾਰੀ ਐਡਮ ਗਿਲਕ੍ਰਿਸਟ ਨਾਲ ਕਿਹਾ ਕਿ ਇਹ ਉਨ੍ਹਾਂ ਦਾ ਟੂਰਨਾਮੈਂਟ ਹੈ, ਕੀ ਅਜਿਹਾ ਨਹੀਂ ਹੈ? ਇਹ ਅਸਲ ’ਚ ਅਜਿਹਾ ਹੈ। ਤੁਸੀਂ ਜਾਣਦੇ ਹੋ। ਉਹ ਜਦੋਂ ਚਾਹੁਣ ਖੇਡ ਸਕਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਸੈਮੀਫਾਈਨਲ ਕਿੱਥੇ ਹੈ, ਉਹ ਹਰ ਮੈਚ ਸਵੇਰੇ ਖੇਡਦੇ ਹਨ ਤਾਂ ਕਿ ਭਾਰਤ ਦੇ ਲੋਕ ਉਨ੍ਹਾਂ ਨੂੰ ਰਾਤ ਨੂੰ ਟੀ. ਵੀ. ’ਤੇ ਦੇਖ ਸਕਣ। ਵਾਨ ਦੀ ਸ਼ਿਕਾਇਤ ਹੈ ਕਿ ਭਾਰਤ ਨੂੰ ਆਪਣੇ ਸਾਰੇ ਮੈਚ ਸਵੇਰੇ ਖੇਡਣ ਲਈ ਮਿਲੇ, ਜੋ ਭਾਰਤੀ ਦਰਸ਼ਕਾਂ ਦੇ ਅਨੁਕੂਲ ਹਨ ਕਿਉਂਕਿ ਉਹ ਸ਼ਾਮ ਨੂੰ ਮੈਚ ਦੇਖਦੇ ਹਨ। ਉਨ੍ਹਾਂ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ’ਤੇ ਭਾਰਤ ਦੀ ਵਿੱਤੀ ਤਾਕਤ ਅੱਗੇ ਝੁਕਣ ਲਈ ਨਿਸ਼ਾਨਾ ਵਿੰਨ੍ਹਿਆ।
ਵਾਨ ਨੇ ਕਿਹਾ,‘ਮੈਂ ਜਾਣਦਾ ਹਾਂ ਕਿ ਕ੍ਰਿਕਟ ਦੀ ਦੁਨੀਆ ’ਚ ਪੈਸਾ ਬਹੁਤ ਮਹੱਤਵਪੂਰਨ ਹੈ ਅਤੇ ਮੈਂ ਇਸ ਨੂੰ ਦੋ-ਪੱਖੀ ਸੀਰੀਜ਼ ’ਚ ਸਮਝਦਾ ਹਾਂ ਪਰ ਜਦੋਂ ਤੁਸੀਂ ਵਿਸ਼ਵ ਕੱਪ ’ਚ ਖੇਡਦੇ ਹੋ ਤਾਂ ਆਈ. ਸੀ. ਸੀ. ਨੂੰ ਸਾਰਿਆਂ ਪ੍ਰਤੀ ਥੋੜਾ ਨਿਰਪੱਖ ਹੋਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਗਾਇਆ,‘ਜਦੋਂ ਤੁਸੀਂ ਵਿਸ਼ਵ ਕੱਪ ਖੇਡਦੇ ਹੋ, ਤਾਂ ਇਸ ਟੂਰਨਾਮੈਂਟ ’ਚ ਕਿਸੇ ਇਕ ਟੀਮ ਪ੍ਰਤੀ ਕੋਈ ਹਮਦਰਦੀ ਜਾਂ ਝੁਕਾਅ ਨਹੀਂ ਹੋ ਸਕਦਾ ਪਰ ਭਾਰਤ ਲਈ ਇਸ ਟੂਰਨਾਮੈਂਟ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਭਾਰਤ ਵਰਗੀ ਸਮਰੱਥ ਟੀਮ ਨੂੰ ਕ੍ਰਿਕਟ ਮੈਚ ਜਿੱਤਣ ਲਈ ਕਿਸੇ ਦੇ ਪੱਖ ਦੀ ਲੋੜ ਨਹੀਂ ਹੁੰਦੀ। ਭਾਰਤ ਨੇ ਇਕ ਵੀ ਰਾਤ ਦਾ ਮੈਚ ਨਹੀਂ ਖੇਡਿਆ ਅਤੇ ਉਹ ਇਕੋ-ਇਕ ਟੀਮ ਸੀ ਜਿਸ ਦਾ ਵਰਗੀਕਰਨ (ਏ1) ਸਥਾਈ ਸੀ ਅਤੇ ਸੈਮੀਫਾਈਨਲ ਸਥਾਨ (ਗੁਆਨਾ) ਵੀ ਪੱਕਾ ਸੀ।
ਸਥਾਨ ਦੀ ਚੋਣ ’ਤੇ ਸਵਾਲ ਉਠਾਉਂਦੇ ਹੋਏ, ਉਨ੍ਹਾਂ ਕਿਹਾ,‘ਭਾਰਤੀ ਸਮਰਥਕਾਂ ਦਾ ਮੰਨਣਾ ਹੈ ਕਿ ਕਾਗਜ਼ਾਂ ’ਤੇ ਉਨ੍ਹਾਂ ਕੋਲ ਸ਼ਾਇਦ ਸਭ ਤੋਂ ਵਧੀਆ ਟੀਮ ਹੈ, ਇਸ ਲਈ ਉਨ੍ਹਾਂ ਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਉਹ ਰਾਤ ਦਾ ਮੈਚ ਜਿੱਤ ਸਕਦੇ ਹਨ, ਉਨ੍ਹਾਂ ਨੂੰ ਗੁਆਨਾ ’ਚ ਸੈਮੀਫਾਈਨਲ ਖੇਡਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜੂਨ ’ਚ 30 ’ਚੋਂ 24 ਦਿਨ ਮੀਂਹ ਪੈਂਦਾ ਹੈ। ਵਾਨ ਨੇ ਇੰਨੇ ਵੱਡੇ ਟੂਰਨਾਮੈਂਟ ਲਈ ‘ਰਿਜ਼ਰਵ ਡੇ’ ਨਾ ਹੋਣ ’ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਕਿਹਾ, ‘ਕੋਈ ਰਿਜ਼ਰਵ ਡੇ ਕਿਉਂ ਨਹੀਂ ਹੈ? ਮੈਂ ਟੂਰਨਾਮੈਂਟ ਦੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਪੜ੍ਹ ਰਿਹਾ ਸੀ। ਇਸ ’ਚ ਅਸਲ ’ਚ ਭਾਰਤ ਬਾਰੇ ਲਿਖਿਆ ਗਿਆ ਹੈ। ਨਿਯਮ ਪੁਸਤਕ ’ਚ ਭਾਰਤੀ ਟੀਮ ਬਾਰੇ ਟਿੱਪਣੀਆਂ ਹਨ, ਜੋ ਮੇਰੇ ਖਿਆਲ ’ਚ ਦੋ-ਪੱਖੀ ਮੈਚਾਂ ਲਈ ਹਨ ਨਾ ਕਿ ਵਿਸ਼ਵ ਕੱਪ ਲਈ।
ਗਿਲਕ੍ਰਿਸਟ ਨੇ ਵੀ ਵਾਨ ਨਾਲ ਸਹਿਮਤੀ ਪ੍ਰਗਟਾਈ ਕਿ ਬਹੁਤ ਸਾਰੇ ਭਾਰਤੀ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਪ੍ਰੋਗਰਾਮ ਨਾਲ ਸਮਝੌਤਾ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਨੇ ਕਿਹਾ,‘ਕੁਝ ਜਨੂੰਨੀ ਕ੍ਰਿਕਟ ਸਮਰਥਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਇਸ ਗੱਲ ਨਾਲ ਸਹਿਮਤ ਹਨ ਕਿ ਪ੍ਰੋਗਰਾਮ ’ਚ ਕੁਝ ਹੱਦ ਤੱਕ ਸਮਝੌਤਾ ਕੀਤਾ ਗਿਆ ਹੈ ਪਰ ਤੁਸੀਂ ਸਹੀ ਹੋ। ਬਹੁਤ ਸਾਰੇ ਭਾਰਤੀ ਸਮਰਥਕ ਅਜਿਹੇ ਹਨ ਜੋ ਇੰਨੇ ਭੋਲੇ ਨਹੀਂ ਹਨ ਕਿ ਇਹ ਨਾ ਦੇਖਣ।
ਇਥੇ ਇਹ ਵੀ ਦੱਸਿਆ ਜਾਣਾ ਚਾਹੀਦਾ ਹੈ ਕਿ ਸਥਾਨ ਦੀ ਪ੍ਰੀ-ਸੀਡਿੰਗ ਜਾਂ ਪ੍ਰੀ-ਫਿਕਸਿੰਗ ਆਈ. ਸੀ. ਸੀ. ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪ੍ਰੰਪਰਾ ਰਹੀ ਹੈ ਜਿਸ ਨੇ ਇਕ ਤੈਅ ਸਮੇਂ ਦੌਰਾਨ ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੀ ਮਦਦ ਕੀਤੀ ਕਿਉਂਕਿ ਆਈ. ਸੀ. ਸੀ. ਦੇ ਮਾਮਲਿਆਂ ’ਚ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਦਖਲ ਹੁੰਦਾ ਸੀ। ਇਥੋਂ ਤੱਕ ਕਿ ਵੈਸਟਇੰਡੀਜ਼ ਬੋਰਡ, ਜਿਸ ਦੇ ਅਧਿਕਾਰੀ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਦੀ ਇੱਛਾ ਅਨੁਸਾਰ ਚਲਦੇ ਸਨ। ਉਦਾਹਰਨ ਲਈ 1992 ’ਚ, ਇਹ ਪਹਿਲਾਂ ਹੀ ਤੈਅ ਕੀਤਾ ਗਿਆ ਸੀ ਕਿ ਦੋ ਸਹਿ-ਮੇਜ਼ਬਾਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਪਣੇ ਘਰੇਲੂ ਮੈਦਾਨ ਸਿਡਨੀ ਅਤੇ ਆਕਲੈਂਡ ’ਚ ਸੈਮੀਫਾਈਨਲ ਖੇਡਣਗੇ ਜਦੋਂ ਤੱਕ ਉਹ ਇਕ ਦੂਜੇ ਦਾ ਸਾਹਮਣਾ ਨਹੀਂ ਕਰਦੇ। 1996 ’ਚ ਪਾਕਿਸਤਾਨ ਨੂੰ ਘਰੇਲੂ ਕੁਆਰਟਰ ਫਾਈਨਲ ਖੇਡਣ ਦਾ ਵਾਅਦਾ ਕੀਤਾ ਗਿਆ ਸੀ, ਜਦੋਂ ਤੱਕ ਉਹ ਭਾਰਤ ਵਿਰੁੱਧ ਨਹੀਂ ਖੇਡਦੇ (ਜੋ ਆਖਿਰਕਾਰ ਬੈਂਗਲੁਰੂ ’ਚ ਹੋਇਆ ਸੀ)। 2011 ’ਚ ਸਹਿ-ਮੇਜ਼ਬਾਨ ਭਾਰਤ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ ਘਰੇਲੂ ਨਾਕ-ਆਊਟ ਮੈਚ ਖੇਡਣ ਦਾ ਵਾਅਦਾ ਕੀਤਾ ਗਿਆ ਸੀ। ਇਸ ਲਈ ਇਹ ਸਪੱਸ਼ਟ ਹੈ ਕਿ ਪਿਛਲੇ ਕੁਝ ਸਾਲਾਂ ’ਚ ਟੀ-20 ਵਿਸ਼ਵ ਕੱਪ ’ਚ ਸਾਰੀਆਂ ਟੀਮਾਂ ਲਈ ਪਹਿਲਾਂ ਤੋਂ ਤੈਅ ਦਰਜਾਬੰਦੀ ਰਹੀ ਹੈ।


author

Aarti dhillon

Content Editor

Related News