ਟੋਕੀਓ ਓਲੰਪਿਕਸ : ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਪੇਨ ਨੂੰ 3-0 ਨਾਲ ਹਰਾਇਆ
Tuesday, Jul 27, 2021 - 10:58 AM (IST)
ਟੋਕੀਓ– ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਪਿਛਲੇ ਮੈਚ ’ਚ ਕਰਾਰੀ ਹਾਰ ਦੇ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਟੋਕੀਓ ਓਲੰਪਿਕਸ ਦੀ ਪੁਰਸ਼ ਹਾਕੀ ਪ੍ਰਤੀਯੋਗਿਤਾ ਦੇ ਪੂਲ ਏ ’ਚ ਮੰਗਲਵਾਰ ਨੂੰ ਇੱਥੇ ਆਪਣੇ ਤੀਜੇ ਮੈਚ ’ਚ ਸਪੇਨ ਨੂੰ 3-0 ਨਾਲ ਹਰਾਇਆ। ਭਾਰਤੀ ਟੀਮ ਦੀ ਜਿੱਤ ਦੇ ਹੀਰੋ ਰੁਪਿੰਦਰ ਪਾਲ ਸਿੰਘ ਰਹੇ। ਭਾਰਤ ਵੱਲੋਂ ਰੁਪਿੰਦਰ ਪਾਲ ਸਿੰਘ (15ਵੇਂ ਤੇ 51ਵੇਂ ਮਿੰਟ) ਨੇ ਦੋ ਜਦਕਿ ਸਿਮਰਨਜੀਤ ਸਿੰਘ (14ਵੇਂ ਮਿੰਟ) ਨੇ ਇਕ ਗੋਲ ਦਾਗ਼ਿਆ। ਭਾਰਤ ਨੇ ਆਪਣੇ ਪਹਿਲੇ ਮੈਚ ’ਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਸੀ ਪਰ ਆਸਟਰੇਲੀਆ ਖ਼ਿਲਾਫ਼ ਇਕਪਾਸੜ ਮੁਕਾਬਲੇ ’ਚ ਉਸ ਨੂੰ 1-7 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਓਲੰਪਿਕ ’ਤੇ ਧੁੱਪ ਦੇ ਬਾਅਦ ਹੁਣ ਤੂਫ਼ਾਨ ਤੇ ਮੀਂਹ ਦੀ ਮਾਰ
ਗਰੁੱਪ ਏ ’ਚ ਭਾਰਤ ਨੂੰ ਸਾਬਕਾ ਚੈਂਪੀਅਨ ਅਰਜਨਟੀਨਾ, ਆਸਟਰੇਲੀਆ, ਜਾਪਾਨ ਤੇ ਸਪੇਨ ਦੇ ਨਾਲ ਰਖਿਆ ਗਿਆ ਹੈ। ਗਰੁੱਪ ਬੀ ’ਚ ਬੈਲਜੀਅਮ, ਕੈਨੇਡਾ, ਜਰਮਨੀ, ਬ੍ਰਿਟੇਨ, ਨੀਦਰਲੈਂਡ ਤੇ ਦੱਖਣੀ ਅਫ਼ਰੀਕਾ ਹੈ। ਸਾਰੀਆਂ ਟੀਮਾਂ ਇਕ ਦੂਜੇ ਨਾਲ ਖੇਡਣਗੀਆਂ ਤੇ ਦੋਵੇਂ ਗਰੁੱਪ ਤੋਂ ਚਾਰ ਟੀਮਾਂ ਅਗਲੇ ਪੜਾਅ ’ਚ ਪਹੁੰਚਣਗੀਆਂ। ਭਾਰਤ ਅਜੇ ਤਕ ਤਿੰਨ ਮੁਕਾਬਲੇ ’ਚ ਦੋ ਜਿੱਤ ਤੇ ਇਕ ਹਾਰ ਦੇ ਨਾਲ ਆਪਣੇ ਗਰੁੱਪ ’ਚ ਦੂਜੇ ਨੰਬਰ ’ਤੇ ਹੈ। ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਅਰਜਨਟੀਨਾ ਨਾਲ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।