ਟੋਕੀਓ ਓਲੰਪਿਕ : ਅਲਜੀਰੀਆਈ ਖਿਡਾਰੀ ਨੇ ਇਜ਼ਰਾਇਲੀ ਜੂਡੋ ਖਿਡਾਰੀ ਖ਼ਿਲਾਫ਼ ਖੇਡਣ ਤੋਂ ਕੀਤਾ ਇਨਕਾਰ
Saturday, Jul 24, 2021 - 03:03 PM (IST)
ਟੋਕੀਓ— ਅਲਜੀਰੀਆ ਦੇ ਇਕ ਜੋਡੋ ਖਿਡਾਰੀ ਨੇ ਟੋਕੀਓ ਓਲੰਪਿਕ ’ਚ ਇਜ਼ਰਾਇਲੀ ਮੁਕਾਬਲੇਬਾਜ਼ ਨਾਲ ਮੁਕਾਬਲਾ ਹੋਣ ਦੀ ਸੰਭਾਵਨਾ ਤੋਂ ਬਚਣ ਲਈ ਪ੍ਰਤੀਯੋਗਿਤਾ ਤੋਂ ਨਾਂ ਵਾਪਸ ਲੈ ਲਿਆ ਹੈ ਜਿਸ ਤੋਂ ਬਾਅਦ ਅਲਜੀਰੀਆਈ ਖਿਡਾਰੀ ਨੂੰ ਉਸ ਦੇ ਵਤਨ ਭੇਜ ਦਿੱਤਾ ਜਾਵੇਗਾ।
ਫੇਥੀ ਨੌਰਿਨ ਤੇ ਉਸ ਦੇ ਕੋਚ ਅਮਾਰ ਬੇਨਿਖ਼ਲੇਫ਼ ਨੇ ਅਲਜੀਰੀਆਈ ਮੀਡੀਆ ਨੂੰ ਕਿਹਾ ਕਿ ਪੁਰਸ਼ਾਂ ਦੇ 73 ਕਿਲੋਵਰਗ ’ਚ ਇਜ਼ਰਾਈਲ ਦੇ ਤੋਹਾਰ ਬੁਤਬੁਲ ਖ਼ਿਲਾਫ਼ ਦੂਜੇ ਦੌਰ ਦੇ ਮੁਕਾਬਲੇ ਤੋਂ ਬਚਣ ਲਈ ਉਹ ਨਾਂ ਵਾਪਸ ਲੈ ਰਹੇ ਹਨ। ਕੌਮਾਂਤਰੀ ਜੂਡੋ ਮਹਾਸੰਘ ਦੀ ਕਾਰਜਕਾਰੀ ਕਮੇਟੀ ਨੇ ਅਸਥਾਈ ਤੌਰ ’ਤੇ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਓਲੰਪਿਕ ਦੇ ਬਾਅਦ ਦੋਹਾਂ ਨੂੰ ਸਜ਼ਾ ਹੋ ਸਕਦੀ ਹੈ।
ਅਲਜੀਰੀਆਈ ਓਲੰਪਿਕ ਕਮੇਟੀ ਨੇ ਬਾਅਦ ’ਚ ਦੋਹਾਂ ਦੇ ਪਛਾਣ ਪੱਤਰ ਵਾਪਸ ਲੈ ਲਏ ਤੇ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਨੌਰਿਨ ਤੇ ਬੇਨਿਖ਼ਲੇਫ਼ ਨੇ ਫ਼ਿਲਸਤੀਨ ਦੇ ਪ੍ਰਤੀ ਸਿਆਸੀ ਸਮਰਥਨ ਲਈ ਇਹ ਕਦਮ ਚੁੱਕਿਆ ਹੈ। ਇਸੇ ਵਿਚਾਲੇ ਜਾਰਜੀਆ ਦੇ ਦੋ ਟੈਨਿਸ ਖਿਡਾਰੀਆਂ ਨੂੰ ਵੀ ਓਲੰਪਿਕ ’ਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਜਿਨ੍ਹਾਂ ਦੇ ਦੇਸ਼ ਦੇ ਅਧਿਕਾਰੀਆਂ ਨੇ ਕਿਹਾ ਕਿ ਜ਼ਰੂਰੀ ਦਸਤਾਵੇਜ਼ ਭੇਜੇ ਬਿਨਾ ਉਹ ਉੱਥੇ ਪਹੁੰਚ ਗਏ ਹਨ।