ਨੀਰਜ ਚੋਪੜਾ ਨੂੰ ਇਕ ਹੋਰ ਵੱਡਾ ਸਨਮਾਨ, ਹੁਣ ਹਰ ਸਾਲ 7 ਅਗਸਤ ਨੂੰ ਮਨਾਇਆ ਜਾਵੇਗਾ ‘ਜੈਵਲਿਨ ਥ੍ਰੋਅ ਡੇਅ’
Tuesday, Aug 10, 2021 - 04:19 PM (IST)
ਨਵੀਂ ਦਿੱਲੀ : ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 2020 ਵਿਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਨੀਰਜ ਦੀ ਇਸ ਉਪਲਬੱਧੀ ’ਤੇ ਚਾਰੇ ਪਾਸਿਓਂ ਉਨ੍ਹਾਂ ’ਤੇ ਤੋਹਫ਼ਿਆਂ ਦੀ ਬਰਸਾਤ ਹੋ ਰਹੀ ਹੈ। ਅਜਿਹੇ ਵਿਚ ਭਾਰਤੀ ਐਥਲੈਟਿਕਸ ਮਹਾਸੰਘ (ਏ.ਐੈੱਫ.ਆਈ.) ਨੇ ਮੰਗਲਵਾਰ ਨੂੰ ਨੀਰਜ ਚੋਪੜਾ ਦੀ ਸਫ਼ਲਤਾ ਨੂੰ ਯਾਦਗਾਰ ਬਣਾਉਣ ਲਈ ਵੱਡਾ ਫ਼ੈਸਲਾ ਕੀਤਾ ਹੈ।
ਨੀਰਜ ਚੋਪੜਾ ਸਮੇਤ ਹੋਰ ਐਥਲੀਟਾਂ ਦੇ ਸਨਮਾਨ ਵਿਚ ਰੱਖੇ ਗਏ ਇਕ ਪ੍ਰੋਗਰਾਮ ਦੌਰਾਨ ਏ.ਐੈੱਫ.ਆਈ. ਦੇ ਯੋਜਨਾ ਕਮਿਸ਼ਨ ਦੇ ਚੇਅਰਮੈਨ ਲਲਿਤ ਭਨੋਟ ਨੇ ਕਿਹਾ, ‘ਪੂਰੇ ਭਾਰਤ ਵਿਚ ਜੈਵਲਿਨ ਥ੍ਰੋਅ ਨੂੰ ਉਤਸ਼ਾਹਤ ਕਰਨ ਲਈ ਅਸੀਂ ਹਰ ਸਾਲ 7 ਅਗਸਤ ਨੂੰ (ਉਹ ਤਾਰੀਖ਼ ਜਦੋਂ ਨੀਰਜ ਨੇ ਸੋਨ ਤਮਗਾ ਜਿੱਤਿਆ) ਰਾਸ਼ਟਰੀ ਜੈਵਲਿਨ ਥ੍ਰੋਅ ਦਿਵਸ ਦੇ ਰੂਪ ਵਿਚ ਮਨਾਵਾਂਗੇ ਅਤੇ ਅਗਲੇ ਸਾਲ ਤੋਂ ਸਾਡੀਆਂ ਮਾਨਤਾ ਪ੍ਰਾਪਤ ਇਕਾਈਆਂ ਇਸ ਦਿਨ ਆਪਣੇ-ਆਪਣੇ ਸੂਬਿਆਂ ਵਿਚ ਜੈਵਲਿਨ ਥ੍ਰੋਅ ਦੇ ਟੂਰਨਾਮੈਂਟ ਆਯੋਜਿਤ ਕਰਨਗੀਆਂ।’ ਉਨ੍ਹਾਂ ਕਿਹਾ, ‘ਇਸ ਤੋਂ ਬਾਅਦ ਅੰਤਰ ਜ਼ਿਲ੍ਹਾ ਮੁਕਾਬਲੇ ਹੋਣਗੇ ਅਤੇ ਅਸੀਂ ਜੈਵਲਿਨ ਮੁਹੱਈਆ ਕਰਾਵਾਂਗੇ। ਆਗਾਮੀ ਸਾਲਾਂ ਵਿਚ ਅਸੀਂ ਇਸ ਮੁਕਾਬਲੇ ਵਿਚ ਵਿਸਥਾਰ ਕਰਕੇ ਇਸ ਨੂੰ ਰਾਸ਼ਟਰੀ ਮੁਕਾਬਲਾ ਬਣਾਵਾਂਗੇ।’
ਨੀਰਜ ਨੇ ਇਸ ਐਲਾਨ ’ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਫੈੱਡਰੇਸ਼ਨ ਦਾ ਧੰਨਵਾਦ ਕੀਤਾ। ਨੀਰਜ ਨੇ ਕਿਹਾ, ‘ਮੈਨੂੰ ਸੁਣ ਕੇ ਬਹੁਤ ਖ਼ੁਸ਼ੀ ਹੈ। ਮੈਂ ਫੈੱਡਰੇਸ਼ਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਮੇਰੇ ਦਿਨ ਨੂੰ ਇੰਨਾ ਖ਼ਾਸ ਬਣਾਇਆ ਹੈ। ਮੈਨੂੰ ਖ਼ੁਸ਼ੀ ਹੈ ਕਿ ਮੈਂ ਆਪਣੇ ਦੇਸ਼ ਲਈ ਪ੍ਰੇਰਣਾ ਬਣ ਸਕਿਆ ਹਾਂ। ਮੈਨੂੰ ਦੇਖ ਕੇ ਬੱਚੇ ਪ੍ਰੇਰਿਤ ਹੋਣਗੇ। ਜੂਨੀਅਰ ਐਥਲੀਟ ਵੀ ਜੈਵਲਿਨ ਥ੍ਰੋਅ ਵਿਚ ਅੱਗੇ ਆਉਣਗੇ ਅਤੇ ਦੇਸ਼ ਲਈ ਹੋਰ ਮੈਡਲ ਜਿੱਤਣਗੇ।’
ਦੱਸ ਦੇਈਏ ਕਿ ਜੈਵਲਿਨ ਥ੍ਰੋਅ ਦੇ ਇਸ ਖਿਡਾਰੀ ਨੇ ਦੇਸ਼ ਨੂੰ ਐਥਲੈਟਿਕਸ ਵਿਚ ਪਹਿਲਾ ਤਮਗਾ ਦਿਵਾਇਆ ਹੈ। ਉਥੇ ਹੀ ਉਹ ਵਿਅਕਤੀਗਤ ਇਵੈਂਟ ਵਿਚ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਖਿਡਾਰੀ ਬਣੇ ਹਨ। ਉਨ੍ਹਾਂ ਤੋਂ ਪਹਿਲਾਂ ਅਭਿਨਵ ਬਿੰਦਰਾ ਨੇ 2008 ਵਿਚ ਨਿਸ਼ਾਨੇਬਾਜ਼ੀ ਵਿਚ ਭਾਰਤ ਨੂੰ ਸੋਨ ਤਮਗਾ ਦਿਵਾਇਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।