ਕੋਰੋਨਾ ਵਾਇਰਸ ਦੇ ਖੌਫ ਵਿਚਾਲੇ ਟੋਕੀਓ ਓਲੰਪਿਕ ਦੀ ਮਸ਼ਾਲ ਜਗਾਈ

Friday, Mar 13, 2020 - 02:22 AM (IST)

ਓਲੰਪੀਆ (ਯੂਨਾਨ)- ਯੂਨਾਨ ਵਿਚ ਕੋਰੋਨਾ ਵਾਇਰਸ ਕਾਰਣ ਪਹਿਲੀ ਮੌਤ ਦੇ ਮੱਦੇਨਜ਼ਰ ਸਿਹਤ ਸਬੰਧੀ ਸਖਤ ਦਿਸ਼ਾ-ਨਿਰਦੇਸ਼ਾਂ ਵਿਚਾਲੇ ਵੀਰਵਾਰ ਨੂੰ ਇੱਥੇ ਟੋਕੀਓ ਓਲੰਪਿਕ 2020 ਦੀ ਮਸ਼ਾਲ ਪ੍ਰਾਚੀਨ ਓਲੰਪੀਆ ਵਿਚ ਜਗਾਈ ਗਈ, ਹਾਲਾਂਕਿ ਇਸ ਸਮਾਰੋਹ ਵਿਚੋਂ ਦਰਸ਼ਕ ਪਾਬੰਦੀਸ਼ੁਦਾ ਸਨ। ਪ੍ਰਾਚੀਨ ਯੂਨਾਨ ਦੀ ਚੋਟੀ ਦੀ ਧਾਰਮਕਿ ਪ੍ਰਤੀਨਿਧੀ ਦੀ ਪੋਸ਼ਾਕ ਵਿਚ ਸਜੀ ਇਕ ਨੌਜਵਾਨ ਲੜਕੀ ਨੇ ਸੂਰਜ ਦੀਆਂ ਕਿਰਨਾਂ ਦੀ ਵਰਤੋਂ ਕਰਕੇ ਮਸ਼ਾਲ ਜਗਾਈ। ਇਸ ਤੋਂ ਬਾਅਦ ਹੀ ਯੂਨਾਨ ਵਿਚ ਇਕ ਹਫਤੇ ਤਕ ਚੱਲਣ ਵਾਲੀ ਮਸ਼ਾਲ ਰਿਲੇਅ ਵੀ ਸ਼ੁਰੂ ਹੋ ਗਈ। ਇਹ ਮਸ਼ਾਲ 19 ਮਾਰਚ ਨੂੰ ਟੋਕੀਓ ਓਲੰਪਿਕ ਦੇ ਆਯੋਜਕਾਂ ਨੂੰ ਸੌਂਪੀ ਜਾਵੇਗੀ।


ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਮੁਖੀ ਥਾਮਸ ਬਾਕ ਨੇ ਕਿਹਾ, ''ਅੱਜ ਓਲੰਪਿਕ ਮਸ਼ਾਲ ਦੀ ਜਾਪਾਨ ਤਕ ਦੀ ਯਾਤਰਾ ਦੀ ਸ਼ੁਰੂਆਤ ਹੋ ਗਈ ਹੈ। ਜਦੋਂ ਇਹ ਮਸ਼ਾਲ 56 ਸਾਲ ਬਾਅਦ ਟੋਕੀਓ ਪਰਤੇਗੀ ਤਾਂ ਉਮੀਦ ਹੈ ਕਿ ਪੂਰੇ ਦੇਸ਼ ਨੂੰ ਪ੍ਰਕਾਸ਼ਿਤ ਕਰ ਦੇਵੇਗੀ।'' ਕੋਰੋਨਾ ਵਾਇਰਸ ਕਾਰਣ ਵਿਸ਼ਵ ਭਰ ਦੀਆਂ ਖੇਡਾਂ ਪ੍ਰਭਾਵਿਤ ਹੋਈਆਂ ਹਨ ਅਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਓਲੰਪਿਕ ਖੇਡਾਂ ਆਪਣੇ ਤੈਅ ਪ੍ਰੋਗਰਾਮ ਅਨੁਸਾਰ 24 ਜੁਲਾਈ ਤੋਂ 9 ਅਗਸਤ ਵਿਚਾਲੇ ਹੋਣਗੀਆਂ ਜਾਂ ਨਹੀਂ। ਆਯੋਜਕਾਂ ਨੇ ਕਿਹਾ ਕਿ ਖੇਡਾਂ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੋਣਗੀਆਂ ਤੇ ਆਈ. ਓ. ਸੀ. ਨੇ ਕਿਹਾ ਕਿ ਖੇਡਾਂ ਨੂੰ ਮੁਲਤਵੀ ਕਰਨ 'ਤੇ ਅਜੇ ਚਰਚਾ ਨਹੀਂ ਹੋਈ ਹੈ।

 


Gurdeep Singh

Content Editor

Related News