ਟੋਕੀਓ ਓਲੰਪਿਕ ਦੇ ਤਮਗਿਆਂ ਦਾ ਹੋਇਆ ਦੀਦਾਰ

Thursday, Jul 25, 2019 - 12:43 AM (IST)

ਟੋਕੀਓ ਓਲੰਪਿਕ ਦੇ ਤਮਗਿਆਂ ਦਾ ਹੋਇਆ ਦੀਦਾਰ

ਟੋਕੀਓ- ਏਸ਼ੀਆਈ ਮਹਾਦੀਪ ਵਿਚ 12 ਸਾਲ ਬਾਅਦ ਹੋਣ ਵਾਲੇ ਟੋਕੀਓ ਓਲੰਪਿਕ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਖੇਡ ਮਹਾਕੁੰਭ ਦੇ ਉਦਘਾਟਨੀ ਸਮਾਰੋਹ ਤੋਂ ਠੀਕ ਇਕ ਸਾਲ ਪਹਿਲਾਂ ਬੁੱਧਵਾਰ ਨੂੰ ਇਥੇ ਪਹਿਲੀ ਵਾਰ ਇਸ ਦੇ ਸੋਨ, ਚਾਂਦੀ ਤੇ ਕਾਂਸੀ ਤਮਗਿਆਂ ਨੂੰ ਜਨਤਕ ਤੌਰ 'ਤੇ ਪ੍ਰਦਰਸ਼ਿਤ ਕੀਤਾ ਗਿਆ।
ਜਾਪਾਨ ਦੀ ਰਾਜਧਾਨੀ ਵਿਚ ਪ੍ਰਸ਼ੰਸਕਾਂ, ਸਪਾਂਸਰਾਂ ਅਤੇ ਸਿਆਸਤਦਾਨਾਂ ਨੇ ਵੱਖ-ਵੱਖ ਸਮਾਰੋਹਾਂ ਵਿਚ ਹਿੱਸਾ ਲਿਆ। ਲੋਕਾਂ ਦੇ ਹੱਥਾਂ ਵਿਚ ਤਖਤੀਆਂ ਸਨ ਅਤੇ ਘੜੀ 365 ਦਿਨ ਬਾਕੀ ਦਿਖਾ ਰਹੀ ਸੀ। ਟੋਕੀਓ ਓਲੰਪਿਕ ਦਾ ਉਦਘਾਟਨ ਸਮਾਰੋਹ 24 ਜੁਲਾਈ 2020 ਨੂੰ ਹੋਵੇਗਾ। ਓਲੰਪਿਕ 1976 ਵਿਚ ਤਲਵਾਰਬਾਜ਼ੀ ਦੇ ਸੋਨ ਤਮਗਾ ਜੇਤੂ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਪ੍ਰਧਾਨ ਥਾਮਸ ਬਾਕ ਨੇ ਸਕੂਲੀ ਬੱਚਿਆਂ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਵੀ ਕੀਤਾ। ਜਾਪਾਨ ਵਿਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ 'ਤੇ ਲਗਭਗ 20 ਅਰਬ ਡਾਲਰ ਖਰਚ ਕੀਤੇ ਗਏ ਹਨ। ਹਾਲਾਂਕਿ ਓਲੰਪਿਕ ਆਯੋਜਨ 'ਤੇ ਹੋਣ ਵਾਲੇ ਖਰਚਿਆਂ ਦਾ ਸਹੀ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਖੇਡਾਂ ਲਈ 8 ਨਵੇਂ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚੋਂ 5 'ਤੇ ਕੰਮ ਖਤਮ ਹੋ ਗਿਆ ਹੈ। ਨੈਸ਼ਨਲ ਸਟੇਡੀਅਮ 1 ਅਰਬ 25 ਕਰੋੜ ਡਾਲਰ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਇਸ ਸਾਲ ਦੇ ਅੰਤ ਤੱਕ ਖੋਲ੍ਹ ਦਿੱਤਾ ਜਾਵੇਗਾ। ਟੋਕੀਓ ਨੇ ਇਸ ਤੋਂ ਪਹਿਲਾਂ 1964 ਵਿਚ ਓਲੰਪਿਕ ਦਾ ਆਯੋਜਨ ਕੀਤਾ ਸੀ, ਜਦਕਿ ਏਸ਼ੀਆ ਮਹਾਦੀਪ ਵਿਚ ਆਖਰੀ ਓਲੰਪਿਕ ਖੇਡਾਂ 2008 ਵਿਚ ਬੀਜਿੰਗ ਵਿਚ ਹੋਈਆਂ ਸਨ।


author

Gurdeep Singh

Content Editor

Related News