CWC 2019 : ਟਿਕਟ ਦੇਰੀ ਨਾਲ ਮਿਲਣ 'ਤੇ ਆਈ. ਸੀ. ਸੀ. ਵਾਪਸ ਕਰੇਗਾ ਪੈਸਾ
Saturday, Jun 01, 2019 - 06:13 PM (IST)

ਨਾਟਿੰਘਮ— ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਤੇ ਪਾਕਿਸਤਾਨ ਦੇ ਮੁਕਾਬਲੇ ਵਿਚ ਜਿਨ੍ਹਾਂ ਦਰਸ਼ਕਾਂ ਨੂੰ ਵਿਸ਼ਵ ਕੱਪ ਦੀ ਟਿਕਟ ਮਿਲਣ ਵਿਚ ਦੇਰੀ ਹੋਈ ਹੈ, ਉਨ੍ਹਾਂ ਨੂੰ ਪੂਰਾ ਪੈਸਾ ਵਾਪਸ ਦੇਣ ਦਾ ਪ੍ਰਸਤਾਵ ਦਿੱਤਾ ਹੈ। ਟੂਰਨਾਮੈਂਟ ਦੇ ਡਾਈਰੈਕਟਰ ਸਟੀਵ ਐਲਵਰਡੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਟਿਕਟ ਮਿਲਣ ਵਿਚ ਦੇਰੀ ਹੋਈ ਸੀ, ਉਹ ਆਪਣੀ ਟਿਕਟ ਲੈਣ ਲਈ ਲਾਈਨ ਵਿਚ ਖੜ੍ਹੇ ਸਨ। ਕੁਲ 1600 ਤੋਂ 1700 ਲੋਕ ਲਾਈਨ ਵਿਚ ਸਨ। ਉਨ੍ਹਾਂ ਨੇ ਆਈ. ਸੀ. ਸੀ. ਨੂੰ ਟਿਕਟਮਾਸਟਰ ਨਾਲ ਵਿਚਾਰ-ਵਟਾਂਦਰਾ ਕਰ ਕੇ ਲੋਕਾਂ ਨੂੰ ਘਰ ਤੋਂ ਟਿਕਟ ਪ੍ਰਿੰਟ ਕਰਨ ਦੀ ਸਹੂਲਤ ਦੇਣ 'ਤੇ ਜ਼ੋਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕਈ ਦਰਸ਼ਕਾਂ ਨੇ ਟਵੀਟ ਕਰਕੇ ਇਹ ਸ਼ਿਕਾਇਤ ਕੀਤੀ ਸੀ ਕਿ ਇਕ ਸਾਲ ਪਹਿਲਾਂ ਤੋਂ ਟਿਕਟ ਬੁਕ ਕਰਵਾਉਣ ਦੇ ਬਾਵਜੂਦ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਹੈ ਜਦਕਿ ਆਈ. ਸੀ. ਸੀ. ਨੇ ਸੱਤ ਲੱਖ ਤੋਂ ਵੱਧ ਟਿਕਟਾਂ ਦੀ ਵੰਡ ਕੀਤੀ ਹੈ।