IPL ਦੇ ਸ਼ੁਰੂਆਤੀ ਮੈਚ ਨਹੀਂ ਖੇਡ ਸਕਣਗੇ ਇਹ ਵੱਡੇ ਆਸਟਰੇਲੀਆਈ ਖਿਡਾਰੀ

Wednesday, Feb 23, 2022 - 11:12 AM (IST)

ਸਪੋਰਟਸ ਡੈਸਕ- ਡੇਵਿਡ ਵਾਰਨਰ, ਜੋਸ਼ ਹੇਜ਼ਲਵੁਡ ਤੇ ਪੈਟ ਕਮਿੰਸ ਨਾਲ ਆਸਟ੍ਰੇਲੀਆ ਦੇ ਕਈ ਵੱਡੇ ਖਿਡਾਰੀ ਪਾਕਿਸਤਾਨ ਖ਼ਿਲਾਫ਼ ਸੀਮਤ ਓਵਰਾਂ ਦੀ ਸੀਰੀਜ਼ ਨੂੰ ਛੱਡਣ ਦੇ ਬਾਵਜੂਦ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੇ ਸ਼ੁਰੂਆਤੀ ਮੈਚ ਨਹੀਂ ਖੇਡ ਸਕਣਗੇ। ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਅਧਿਕਾਰਕ ਤੌਰ ’ਤੇ ਆਈ. ਪੀ. ਐੱਲ. ਦੇ 15ਵੇਂ ਸੈਸ਼ਨ ਦੀਆਂ ਤਾਰੀਖਾਂ ਦਾ ਐਲਾਨ ਨਹੀਂ ਕੀਤਾ ਹੈ ਪਰ ਲੀਗ ਦੇ ਮਾਰਚ ਦੇ ਆਖ਼ਰੀ ਹਫ਼ਤੇ ਵਿਚ ਸ਼ੁਰੂ ਹੋਣ ਦੀ ਉਮੀਦ ਹੈ। 

ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਨੂੰ ਗਿਫ਼ਟ ਕੀਤੇ ਗੋਲਡਨ ਬੂਟ, ਲਿਖੀ ਭਾਵੁਕ ਪੋਸਟ

ਵਾਰਨਰ, ਹੇਜ਼ਲਵੁਡ ਤੇ ਕਮਿੰਸ ਪਾਕਿਸਤਾਨ ਵਿਚ ਚਾਰ ਮਾਰਚ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਦੀ ਟੀਮ ਦਾ ਹਿੱਸਾ ਹਨ। ਇਹ ਸੀਰੀਜ਼ 25 ਮਾਰਚ ਤਕ ਚੱਲੇਗੀ। ਇਹ ਖਿਡਾਰੀ 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਸੀਮਤ ਓਵਰਾਂ ਦੇ ਮੁਕਾਬਲਿਆਂ ਲਈ ਟੀਮ ਦਾ ਹਿੱਸਾ ਨਹੀਂ ਹਨ। ਇਹ ਖਿਡਾਰੀ ਹਾਲਾਂਕਿ ਪੰਜ ਅਪ੍ਰੈਲ ਤੋਂ ਪਹਿਲਾਂ ਆਪਣੀਆਂ ਆਈ. ਪੀ. ਐੱਲ. ਟੀਮਾਂ ਨਾਲ ਨਹੀਂ ਜੁੜ ਸਕਣਗੇ ਕਿਉਂਕਿ ਆਸਟ੍ਰੇਲੀਆ ਦੀ ਚੋਣ ਕਮੇਟੀ ਦੇ ਮੁਖੀ ਜਾਰਜ ਬੇਲੀ ਨੇ ਮੰਗਲਵਾਰ ਨੂੰ ਸਪੱਸ਼ਟ ਕਰ ਦਿੱਤਾ ਕਿ ਪਾਕਿਸਤਾਨ ਖ਼ਿਲਾਫ਼ ਸੀਮਤ ਓਵਰਾਂ ਦੇ ਮੈਚਾਂ ਦਾ ਹਿੱਸਾ ਨਾ ਰਹਿਣ ਵਾਲੇ ਕੇਂਦਰੀ ਕਰਾਰ ਵਾਲੇ ਖਿਡਾਰੀ ਵੀ ਦੁਵੱਲੀ ਸੀਰੀਜ਼ ਖ਼ਤਮ ਹੋਣ ਤਕ ਲੀਗ ਲਈ ਉਪਲੱਬਧ ਨਹੀਂ ਹੋਣਗੇ। 

ਇਸ ਕਾਰਨ ਇਹ ਤਿੰਨੇ ਖਿਡਾਰੀ ਪਾਕਿਸਤਾਨ ਵਿਚ ਟੈਸਟ ਸੀਰੀਜ਼ ਤੋਂ ਬਾਅਦ ਵਾਪਸ ਦੇਸ਼ ਮੁੜਨਗੇ ਤੇ ਫਿਰ ਆਈ. ਪੀ. ਐੱਲ. ਲਈ ਭਾਰਤ ਆਉਣਗੇ। ਹਰਫ਼ਨਮੌਲਾ ਮਿਸ਼ੇਲ ਮਾਰਸ਼ ਤੇ ਮਾਰਕਸ ਸਟੋਈਨਿਸ, ਤੇਜ਼ ਗੇਂਦਬਾਜ਼ ਜੇਸਨ ਬੇਹਰੇਨਡਾਰਫ, ਸੀਨ ਏਬਟ ਤੇ ਨਾਥਨ ਏਲਿਸ ਵੀ ਲੀਗ ਦੇ ਸ਼ੁਰੂਆਤੀ ਗੇੜ ਵਿਚ ਨਹੀਂ ਖੇਡ ਸਕਣਗੇ ਕਿਉਂਕਿ ਉਹ ਪਾਕਿਸਤਾਨ ਖ਼ਿਲਾਫ਼ ਤਿੰਨ ਵਨ ਡੇ ਤੇ ਇਕ ਟੀ-20 ਲਈ ਆਸਟ੍ਰੇਲੀਆ ਦੀ ਟੀਮ ਦਾ ਹਿੱਸਾ ਹਨ।

ਇਹ ਵੀ ਪੜ੍ਹੋ : ਕੇ. ਐੱਲ. ਰਾਹੁਲ ਦੀ ਦਰਿਆਦਿਲੀ, 11 ਸਾਲ ਦੇ ਬੱਚੇ ਦੀ ਸਰਜਰੀ ਲਈ ਦਿੱਤੇ 31 ਲੱਖ ਰੁਪਏ

ਬੇਲੀ ਨੇ ਕਿਹਾ ਕਿ ਪ੍ਰੋਟੋਕਾਲ ਮੁਤਾਬਕ ਛੇ ਅਪ੍ਰੈਲ ਤਕ ਕੋਈ ਵੀ ਕੇਂਦਰੀ ਕਰਾਰ ਵਾਲਾ ਆਸਟ੍ਰੇਲੀਆਈ ਖਿਡਾਰੀ ਆਈ. ਪੀ. ਐੱਲ. ਟੀਮ ਵਿਚ ਸ਼ਾਮਲ ਹੋਣ ਲਈ ਉਪਲੱਬਧ ਨਹੀਂ ਹੋਵੇਗਾ। ਡੇਨੀਅਲ ਸੈਮਜ਼, ਰਿਲੇ ਮੇਰੇਡਿਥ, ਨਾਥਨ ਕੂਲਟਰ ਨਾਈਲ ਤੇ ਟਿਮ ਡੇਵਿਡ ਵਰਗੇ ਖਿਡਾਰੀ ਕ੍ਰਿਕਟ ਆਸਟ੍ਰੇਲੀਆ ਦੇ ਕਰਾਰ ਵਿਚ ਬੱਝੇ ਨਹੀਂ ਹਨ। ਇਸ ਕਾਰਨ ਇਹ ਖਿਡਾਰੀ ਆਈ. ਪੀ. ਐੱਲ ਦੀ ਸ਼ੁਰੂਆਤ ਤੋਂ ਫਰੈਂਚਾਈਜ਼ੀ ਟੀਮਾਂ ਨਾਲ ਜੁੜਨ ਲਈ ਆਜ਼ਾਦ ਹੋਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News