WPL ਸੀਜ਼ਨ 5 ਦੀ ਨਿਲਾਮੀ 28 ਅਕਤੂਬਰ ਨੂੰ ਕੋਚੀ ਵਿੱਚ ਹੋਵੇਗੀ ਆਯੋਜਿਤ
Wednesday, Sep 16, 2026 - 04:57 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਬੁੱਧਵਾਰ, 16 ਸਤੰਬਰ ਨੂੰ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਮਹਿਲਾ ਪ੍ਰੀਮੀਅਰ ਲੀਗ (ਡਬਲਯੂਪੀਐੱਲ) ਦੇ ਪੰਜਵੇਂ ਸੀਜ਼ਨ ਲਈ ਨਿਲਾਮੀ 28 ਅਕਤੂਬਰ ਨੂੰ ਕੋਚੀ ਵਿੱਚ ਹੋਵੇਗੀ। ਬੋਰਡ ਵੱਲੋਂ ਲੀਗ ਦੀਆਂ ਪੰਜਾਂ ਟੀਮਾਂ ਨੂੰ ਦਿੱਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ, ਖਿਡਾਰੀਆਂ ਨੂੰ ਰਿਟੇਨ ਕਰਨ ਜਾਂ ਰਿਲੀਜ਼ ਕਰਨ ਦਾ ਫੈਸਲਾ ਲੈਣ ਲਈ 28 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਸੀਜ਼ਨ ਲਈ ਹਰੇਕ ਟੀਮ ਲਈ ਸੈਲਰੀ ਕੈਪ 15 ਕਰੋੜ ਰੁਪਏ ਤੈਅ ਕੀਤੀ ਗਈ ਹੈ। ਨਿਯਮਾਂ ਅਨੁਸਾਰ ਹਰੇਕ ਟੀਮ ਵਿੱਚ ਵੱਧ ਤੋਂ ਵੱਧ 18 ਖਿਡਾਰੀ ਹੋ ਸਕਦੇ ਹਨ, ਜਿਨ੍ਹਾਂ ਵਿੱਚ ਵੱਧ ਤੋਂ ਵੱਧ 6 ਵਿਦੇਸ਼ੀ ਖਿਡਾਰੀ ਸ਼ਾਮਲ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਇਸ ਲੀਗ ਦੀ ਮੌਜੂਦਾ ਚੈਂਪੀਅਨ ਟੀਮ ਹੈ।
ਡਬਲਿਊ.ਪੀ.ਐੱਲ. ਦੇ ਪੰਜਵੇਂ ਸੀਜ਼ਨ ਦੇ ਮੁਕਾਬਲੇ ਪਿਛਲੇ ਸਾਲ ਦੀ ਤਰ੍ਹਾਂ ਜਨਵਰੀ-ਫ਼ਰਵਰੀ ਮਹੀਨੇ ਵਿੱਚ ਹੋਣ ਦੀ ਉਮੀਦ ਹੈ, ਜਿਸ ਲਈ ਬੀ.ਸੀ.ਸੀ.ਆਈ. ਨੇ ਮੁੰਬਈ ਦੇ ਸੀ.ਸੀ.ਆਈ. ਅਤੇ ਵਡੋਦਰਾ ਦੇ ਕੋਟਾਂਬੀ ਸਟੇਡੀਅਮ ਨੂੰ ਪੱਕੇ ਵੈਨਿਊ ਵਜੋਂ ਚੁਣਿਆ ਹੈ। ਸੀਜ਼ਨ 4 ਦੇ ਮੈਚ ਵੀ ਇਹਨਾਂ ਦੋਵਾਂ ਸਥਾਨਾਂ 'ਤੇ ਖੇਡੇ ਗਏ ਸਨ ਅਤੇ ਫਾਈਨਲ ਮੁਕਾਬਲਾ 5 ਫ਼ਰਵਰੀ ਨੂੰ ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਹੋਇਆ ਸੀ। ਹਾਲਾਂਕਿ ਵਾਰਾਣਸੀ ਵਿੱਚ ਬਣ ਰਹੇ ਨਵੇਂ ਸਟੇਡੀਅਮ ਵਿੱਚ ਵੀ ਕੁਝ ਮੈਚ ਕਰਵਾਉਣ ਦੇ ਸੁਝਾਅ ਆਏ ਸਨ, ਪਰ ਸੂਤਰਾਂ ਅਨੁਸਾਰ ਸਟੇਡੀਅਮ ਦੀ ਤਿਆਰੀ ਅਤੇ ਘਰੇਲੂ ਮੈਚਾਂ ਰਾਹੀਂ ਟੈਸਟਿੰਗ ਤੋਂ ਬਿਨਾਂ ਉੱਥੇ ਮੈਚ ਹੋਣ ਦੀ ਸੰਭਾਵਨਾ ਫਿਲਹਾਲ ਬਹੁਤ ਘੱਟ ਮੰਨੀ ਜਾ ਰਹੀ ਹੈ।
