ਨਿਕ ਮੈਡਿਸਨ ਕਰਨਗੇ ਸ਼ੇਫੀਲਡ ਸ਼ੀਲਡ ਵਿੱਚ ਨਿਊ ਸਾਊਥ ਵੇਲਜ਼ ਦੀ ਕਪਤਾਨੀ
Wednesday, Sep 16, 2026 - 05:58 PM (IST)
ਸਪੋਰਟਸ ਡੈਸਕ- ਆਸਟ੍ਰੇਲੀਆਈ ਕ੍ਰਿਕਟਰ ਨਿਕ ਮੈਡਿਸਨ ਇਸ ਸੀਜ਼ਨ ਵਿੱਚ ਸ਼ੇਫੀਲਡ ਸ਼ੀਲਡ ਵਿੱਚ ਨਿਊ ਸਾਊਥ ਵੇਲਜ਼ (NSW) ਦੀ ਕਪਤਾਨੀ ਕਰਨਗੇ। 34 ਸਾਲਾ ਮੈਡਿਸਨ ਨੇ ਇਸੇ ਸਾਲ ਦੇ ਸ਼ੁਰੂ ਵਿੱਚ ਟੈਸਟਿਕੂਲਰ ਕੈਂਸਰ ਦਾ ਇਲਾਜ ਕਰਵਾਇਆ ਸੀ, ਜਿਸ ਕਾਰਨ ਉਹ ਪਿਛਲੇ ਸੀਜ਼ਨ ਵਿੱਚ ਐੱਨ.ਐੱਸ.ਡਬਲਿਊ. ਲਈ ਕੋਈ ਮੈਚ ਨਹੀਂ ਖੇਡ ਸਕੇ ਸਨ, ਹਾਲਾਂਕਿ ਉਨ੍ਹਾਂ ਨੇ ਸਿਡਨੀ ਥੰਡਰ ਲਈ 5 ਮੈਚ ਅਤੇ ਇੱਕ 'ਸੈਕੰਡ ਇਲੇਵਨ' ਮੈਚ ਵਿੱਚ ਹਿੱਸਾ ਲਿਆ ਸੀ। ਹੁਣ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ, ਉਹ 2015-16 ਤੋਂ ਬਾਅਦ ਦੂਜੀ ਵਾਰ ਨਿਊ ਸਾਊਥ ਵੇਲਜ਼ ਦੀ ਕਪਤਾਨੀ ਸੰਭਾਲਣਗੇ। ਕਪਤਾਨੀ ਮਿਲਣ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਮੈਡਿਸਨ ਨੇ ਕਿਹਾ ਕਿ ਐੱਨ.ਐੱਸ.ਡਬਲਿਊ. ਬਲੂਜ਼ ਦੀ ਅਗਵਾਈ ਕਰਨਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਉਹ ਪੂਰੇ ਸੀਜ਼ਨ ਦੌਰਾਨ ਖਿਡਾਰੀਆਂ ਅਤੇ ਕੋਚਿੰਗ ਸਟਾਫ਼ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਨ।
