ਲਿਊਕ ਵਿਲੀਅਮਜ਼ WPL ਵਿੱਚ ਮੁੰਬਈ ਇੰਡੀਅਨਜ਼ ਦੇ ਨਵੇਂ ਮੁੱਖ ਕੋਚ ਬਣੇ
Thursday, Sep 24, 2026 - 02:52 PM (IST)
ਮੁੰਬਈ- ਮੁੰਬਈ ਇੰਡੀਅਨਜ਼ ਨੇ ਮਹਿਲਾ ਪ੍ਰੀਮੀਅਰ ਲੀਗ (WPL) 2027 ਤੋਂ ਪਹਿਲਾਂ ਲੀਸਾ ਕੀਟਲੀ ਨਾਲੋਂ ਵੱਖ ਹੋ ਕੇ ਆਸਟ੍ਰੇਲੀਆ ਦੇ ਲਿਊਕ ਵਿਲੀਅਮਜ਼ ਨੂੰ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ। ਫ੍ਰੈਂਚਾਈਜ਼ੀ ਨੇ ਦੱਸਿਆ ਕਿ ਸਤੰਬਰ 2025 'ਚ ਮੁੱਖ ਕੋਚ ਬਣਾਈ ਗਈ ਕੀਟਲੀ ਨੇ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ ਹੈ। ਕੀਟਲੀ ਦੇ ਮਾਰਗਦਰਸ਼ਨ 'ਚ ਦੋ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਪਿਛਲੇ ਸੀਜ਼ਨ 'ਚ ਚੌਥੇ ਸਥਾਨ 'ਤੇ ਰਹੀ ਸੀ, ਜੋ ਚਾਰ ਸੀਜ਼ਨਾਂ 'ਚ ਟੀਮ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਸੀ। ਮੁੰਬਈ ਇੰਡੀਅਨਜ਼ ਨੇ 2023 ਅਤੇ 2025 'ਚ ਡਬਲਿਊ.ਪੀ.ਐੱਲ. ਦਾ ਖ਼ਿਤਾਬ ਜਿੱਤਿਆ ਸੀ, ਜਦਕਿ 2024 'ਚ ਟੀਮ ਐਲੀਮੀਨੇਟਰ ਤੱਕ ਪਹੁੰਚੀ ਸੀ।
ਲਿਊਕ ਵਿਲੀਅਮਜ਼ 2025 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਪਹਿਲੀ ਖ਼ਿਤਾਬੀ ਜਿੱਤ ਸਮੇਂ ਟੀਮ ਦੇ ਮੁੱਖ ਕੋਚ ਸਨ ਅਤੇ ਉਹ 'ਦ ਹੰਡ੍ਰੇਡ' 'ਚ ਸਦਰਨ ਬ੍ਰੇਵ ਤੇ ਮਹਿਲਾ 'ਬਿਗ ਬੈਸ਼ ਲੀਗ' 'ਚ ਐਡਿਲੇਡ ਸਟ੍ਰਾਈਕਰਜ਼ ਦੇ ਨਾਲ ਵੀ ਕੋਚਿੰਗ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਟੀਮ ਦੀ ਮਾਲਕਣ ਨੀਤਾ ਅੰਬਾਨੀ ਨੇ ਕਿਹਾ ਕਿ ਲਿਊਕ ਇੱਕ ਸਫ਼ਲ ਕੋਚ ਹਨ ਅਤੇ ਮਹਿਲਾ ਕ੍ਰਿਕਟ ਦੀ ਡੂੰਘੀ ਸਮਝ ਰੱਖਦੇ ਹਨ। ਨਵੀਂ ਜ਼ਿੰਮੇਵਾਰੀ 'ਤੇ ਵਿਲੀਅਮਜ਼ ਨੇ ਕਿਹਾ ਕਿ ਉਨ੍ਹਾਂ ਕੋਲ ਟੀਮ ਨਾਲ ਮਿਲ ਕੇ ਖ਼ਾਸ ਤਿਆਰੀ ਕਰਨ, ਰੋਮਾਂਚਕ ਕ੍ਰਿਕਟ ਖੇਡਣ ਅਤੇ ਸਫ਼ਲਤਾ ਲਈ ਮੁਕਾਬਲਾ ਕਰਨ ਦਾ ਸ਼ਾਨਦਾਰ ਮੌਕਾ ਹੈ।
