ਵੈਸਟਇੰਡੀਜ਼ ਨੂੰ 51 ਸਾਲ ਪਹਿਲਾਂ ਆਇਰਲੈਂਡ ਨੇ 25 ਦੌੜਾਂ ’ਤੇ ਸਮੇਟਿਆ

Wednesday, Jul 01, 2020 - 10:46 PM (IST)

ਵੈਸਟਇੰਡੀਜ਼ ਨੂੰ 51 ਸਾਲ ਪਹਿਲਾਂ ਆਇਰਲੈਂਡ ਨੇ 25 ਦੌੜਾਂ ’ਤੇ ਸਮੇਟਿਆ

ਜਲੰਧਰ - ਆਇਰਲੈਂਡ ਕ੍ਰਿਕਟ ਟੀਮ ਨੇ 51 ਸਾਲ ਪਹਿਲਾਂ ਸਿਆਨ ਮਿਲਸ ਦੇ ਮੈਦਾਨ ’ਤੇ ਵੈਸਟਇੰਡੀਜ਼ ਦੀ ਟੀਮ ਨੂੰ ਸਿਰਫ 25 ਦੌੜਾਂ ’ਤੇ ਸਮੇਟ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸਾਲ 1969 ’ਚ ਵੈਸਟਇੰਡੀਜ਼ ਦੀ ਟੀਮ ਇੰਗਲੈਂਡ ਤੇ ਆਇਰਲੈਂਡ ਦੇ ਦੌਰੇ ’ਤੇ ਸੀ। ਵੈਸਟਇੰਡੀਜ਼ ਦੀ ਟੀਮ ’ਚ ਉਦੋਂ ਕਪਤਾਨ ਬੇਸਿਲ ਬੁਚਰ, ਕਲਾਈਵ ਲਾਇਡ, ਵਾਲਕਟ, ਫੋਸਟਰ ਵਰਗੇ ਸਿਤਾਰੇ ਸਨ। ਵੈਸਟਇੰਡੀਜ਼ ਦਾ ਆਇਰਲੈਂਡ ਦੇ ਵਿਰੁੱਧ ਇਕ ਦਿਨ ਦਾ ਟੈਸਟ ਹੋਇਆ। ਪਹਿਲੀ ਪਾਰੀ ’ਚ ਖੇਡਣ ਉਤਰੀ ਵੈਸਟਇੰਡੀਜ਼ ਦੀ ਟੀਮ ਨੂੰ ਉਦੋਂ ਝਟਕਾ ਲੱਗਾ ਜਦ ਉਨ੍ਹਾਂ ਦੀ ਪੂਰੀ ਟੀਮ ਆਇਰਲੈਂਡ ਦੇ ਸਿਰਫ 2 ਗੇਂਦਬਾਜ਼ਾਂ ਅੱਗੇ ਹੀ ਢੇਰ ਹੋ ਗਈ। ਆਇਰਲੈਂਡ ਦੇ ਕਪਤਾਨ ਡਗਲਸ ਗੋਡਵਿਨ ਨੇ ਜਿਥੇ 12.3 ਓਵਰਾਂ ’ਚ 6 ਦੌੜਾਂ ਦੇ ਕੇ 5 ਵਿਕਟਾਂ ਲਈ, ਉਥੇ ਹੀ ਐਲੇਕ ਓ ਰਿਓਰਡਨ ਨੇ 13 ਓਵਰਾਂ ’ਚ 18 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਵੈਸਟਇੰਡੀਜ਼ ਟੀਮ ਵਲੋਂ ਇਕ ਵੀ ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ। ਵੈਸਟਇੰਡੀਜ਼ ਦੀ ਹਾਲਤ ਇੰਨੀ ਖਰਾਬ ਸੀ ਕਿ ਉਨ੍ਹਾਂ ਨੇ 12 ਦੌੜਾਂ ’ਤੇ ਹੀ 9 ਿਵਕਟਾਂ ਗੁਆ ਦਿੱਤੀਆਂ ਸਨ। ਜਵਾਬ ’ਚ ਖੇਡਣ ਉੱਤਰੀ ਆਇਰਲੈਂਡ ਨੇ 125 ਦੌੜਾਂ ’ਤੇ ਪਾਰੀ ਦਾ ਐਲਾਨ ਕਰ ਦਿੱਤਾ। ਦੂਜੀ ਪਾਰੀ ’ਚ ਵੈਸਟਇੰਡੀਜ਼ ਨੇ 4 ਵਿਕਟਾਂ ਦੇ ਨੁਕਸਾਨ ’ਤੇ 78 ਦੌੜਾਂ ਬਣਾਈਆਂ। ਵੈਸਟਇੰਡੀਜ਼ ਹਾਰ ਗਈ ਕਿਉਂਕਿ ਪਹਿਲੀ ਪਾਰੀ ’ਚ ਲੀਡ ਕਾਰਣ ਆਇਰਲੈਂਡ ਨੂੰ ਜੇਤੂ ਐਲਾਨ ਦਿੱਤਾ ਗਿਆ ਸੀ। ਦੱਸ ਦਈਏ ਕਿ ਵੈਸਟਇੰਡੀਜ਼ ਤੇ ਆਇਰਲੈਂਡ ਵਿਚਾਲੇ ਖੇਡਿਆ ਗਿਆ ਇਹ ਟੈਸਟ ਆਫਿਸ਼ੀਅਲ ਨਹੀਂ ਸੀ ਪਰ ਇਕ ਛੋਟੀ ਟੀਮ ਦੇ ਅੱਗੇ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਦਾ ਅਜਿਹਾ ਪ੍ਰਦਰਸ਼ਨ ਖੂਬ ਸੁਰਖੀਆਂ ’ਚ ਰਿਹਾ ਸੀ।


author

Gurdeep Singh

Content Editor

Related News