ਧਮਕੀ ਮਗਰੋਂ ਨਿਊਜ਼ੀਲੈਂਡ ਮਹਿਲਾ ਟੀਮ ਦੀ ਸੁਰੱਖਿਆ ਵਧਾਈ ਗਈ, ਬੋਰਡ ਨੇ ਦਿੱਤਾ ਇਹ ਬਿਆਨ

Wednesday, Sep 22, 2021 - 06:02 PM (IST)

ਧਮਕੀ ਮਗਰੋਂ ਨਿਊਜ਼ੀਲੈਂਡ ਮਹਿਲਾ ਟੀਮ ਦੀ ਸੁਰੱਖਿਆ ਵਧਾਈ ਗਈ, ਬੋਰਡ ਨੇ ਦਿੱਤਾ ਇਹ ਬਿਆਨ

ਲੀਸੇਸਟਰ- ਇੰਗਲੈਂਡ ਖ਼ਿਲਾਫ਼ ਲੀਸੇਸਟਰ 'ਚ ਅੱਜ ਖੇਡੇ ਜਾ ਰਹੇ ਤੀਜੇ ਵਨ-ਡੇ ਕੌਮਾਂਤਰੀ ਮੈਚ ਦਰਮਿਆਨ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਨਿਊਜ਼ੀਲੈਂਡ ਕ੍ਰਿਕਟ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਗ਼ੈਰ-ਭਰੋਸੇਯੋਗ ਖ਼ਤਰੇ ਦੇ ਖ਼ਦਸ਼ੇ ਦੇ ਬਾਅਦ ਟੀਮ ਦੇ ਚਾਰੇ ਪਾਸਿਓਂ ਸੁਰੱਖਿਆ ਚੌਕੰਨੀ ਕਰ ਦਿੱਤੀ ਗਈ ਹੈ। ਨਿਊਜ਼ੀਲੈਂਡ ਕ੍ਰਿਕਟ ਨੇ ਇਕ ਬਿਆਨ 'ਚ ਕਿਹਾ ਕਿ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੂੰ ਨਿਊਜ਼ੀਲੈਂਡ ਨਾਲ ਸਬੰਧਤ ਇਕ ਧਮਕੀ ਭਰਿਆ ਈਮੇਲ ਮਿਲਿਆ ਹੈ, ਹਾਲਾਂਕਿ ਇਹ ਖ਼ਾਸ ਤੌਰ 'ਤੇ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਦੇ ਸੰਦਰਭ 'ਚ ਨਹੀਂ ਹੈ, ਪਰ ਇਸ ਨੂੰ ਗੰਭੀਰਤਾ ਨਾਲ ਲਿਆ ਗਿਆ, ਜਾਂਚ ਕੀਤੀ ਗਈ ਤੇ ਇਸ ਨੂੰ ਭਰੋਸੇਯੋਗ ਨਹੀਂ ਮੰਨਿਆ ਗਿਆ।

ਨਿਊਜ਼ੀਲੈਂਡ ਬੋਰਡ ਨੇ ਸੁਰੱਖਿਆ ਖ਼ਤਰੇ ਕਾਰਨ ਟੀਮ ਦੇ ਟ੍ਰੇਨਿੰਗ ਸੈਸ਼ਨ ਨੂੰ ਰੱਦ ਕਰਨ ਦੀਆਂ ਖ਼ਬਰਾਂ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਮਹਿਲਾ ਟੀਮ ਲੀਸੇਸਟਰ 'ਚ ਹੈ ਤੇ ਸਾਵਧਾਨੀ ਦੇ ਤੌਰ 'ਤੇ ਉਸ ਦੇ ਆਸਪਾਸ ਸੁਰੱਖਿਆ ਵਧਾ ਦਿੱਤੀ ਗਈ ਹੈ। ਟ੍ਰੇਨਿੰਗ ਸੈਸ਼ਨ ਰੱਦ ਕਰਨ ਦੀਆਂ ਖ਼ਬਰਾਂ ਝੂਠੀਆਂ ਹਨ। ਉਨ੍ਹਾਂ ਦਾ ਅੱਜ ਟ੍ਰੇਨਿੰਗ ਸੈਸ਼ਨ ਨਿਰਧਾਰਤ ਨਹੀਂ ਸੀ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਨਿਊਜ਼ੀਲੈਂਡ ਦੀ ਟੀਮ ਨੇ ਸੁਰੱਖਿਆ ਕਾਰਨਾਂ ਦੇ ਚਲਦੇ ਆਪਣਾ ਪਾਕਿਸਤਾਨ ਦੌਰਾ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਕੱਲ ਈ. ਸੀ. ਬੀ. ਨੇ ਵੀ ਇੰਗਲੈਂਡ ਦੀ ਪੁਰਸ਼ ਤੇ ਮਹਿਲਾ ਟੀਮ ਦਾ ਅਗਲੇ ਮਹੀਨੇ ਹੋਣ ਵਾਲਾ ਪਾਕਿਸਤਾਨ ਦਾ ਦੌਰਾ ਰੱਦ ਕਰ ਦਿੱਤਾ ਸੀ। 


author

Tarsem Singh

Content Editor

Related News