Ind vs NZ : ਅੱਜ ਖੇਡਿਆ ਜਾਵੇਗਾ ਸੀਰੀਜ਼ ਦਾ ਦੂਜਾ ਮੁਕਾਬਲਾ ! ਜਾਣੋ ਅਰਸ਼ਦੀਪ ਨੂੰ ਮੌਕਾ ਮਿਲੇਗਾ ਜਾਂ ਅੱਜ ਵੀ ਬੈਠੇਗਾ ਬਾਹਰ
Tuesday, Jan 13, 2026 - 11:19 AM (IST)
ਸਪੋਰਟਸ ਡੈਸਕ - ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਮੁਕਾਬਲਾ ਬੁੱਧਵਾਰ ਨੂੰ ਰਾਜਕੋਟ ਵਿਖੇ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਵਡੋਦਰਾ ਵਿਚ ਖੇਡਿਆ ਗਿਆ ਪਹਿਲਾ ਮੈਚ ਚਾਰ ਵਿਕਟਾਂ ਨਾਲ ਜਿੱਤ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ ਹੋਈ ਹੈ। ਜੇਕਰ ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਟੀਮ ਰਾਜਕੋਟ ਵਿਚ ਜਿੱਤ ਦਰਜ ਕਰਦੀ ਹੈ, ਤਾਂ ਉਹ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਵੇਗੀ।
ਵਾਸ਼ਿੰਗਟਨ ਸੁੰਦਰ ਸੱਟ ਕਾਰਨ ਬਾਹਰ
ਦੂਜੇ ਵਨਡੇ ਤੋਂ ਪਹਿਲਾਂ ਭਾਰਤੀ ਟੀਮ ਲਈ ਇਕ ਬੁਰੀ ਖਬਰ ਹੈ। ਆਲਰਾਊਂਡਰ ਵਾਸ਼ਿੰਗਟਨ ਸੁੰਦਰ ਸੱਟ ਲੱਗਣ ਕਾਰਨ ਸੀਰੀਜ਼ ਦੇ ਬਾਕੀ ਦੋ ਮੈਚਾਂ ਤੋਂ ਬਾਹਰ ਹੋ ਗਏ ਹਨ। ਸੁੰਦਰ ਨੂੰ ਪਹਿਲੇ ਵਨਡੇ ਵਿਚ ਗੇਂਦਬਾਜ਼ੀ ਕਰਦੇ ਸਮੇਂ ਸੱਟ ਲੱਗੀ ਸੀ, ਜਿਸ ਕਾਰਨ ਟੀਮ ਪ੍ਰਬੰਧਨ ਨੂੰ ਆਪਣੀ ਯੋਜਨਾ ਵਿਚ ਬਦਲਾਅ ਕਰਨਾ ਪਿਆ ਹੈ।
ਸੁੰਦਰ ਦੀ ਜਗ੍ਹਾ ਦਿੱਲੀ ਦੇ 26 ਸਾਲਾ ਖਿਡਾਰੀ ਆਯੂਸ਼ ਬਦੋਨੀ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਪੂਰੀ ਸੰਭਾਵਨਾ ਹੈ ਕਿ ਬਦੋਨੀ ਬੁੱਧਵਾਰ ਨੂੰ ਭਾਰਤ ਲਈ ਆਪਣਾ ਡੈਬਿਊ ਕਰਨਗੇ। ਭਾਰਤ ਨੂੰ ਨੰਬਰ 5 'ਤੇ ਅਜਿਹੇ ਬੱਲੇਬਾਜ਼ ਦੀ ਲੋੜ ਹੈ ਜੋ ਗੇਂਦਬਾਜ਼ੀ ਵਿਚ ਵੀ ਮਦਦ ਕਰ ਸਕੇ ਅਤੇ ਬਦੋਨੀ ਇਸ ਭੂਮਿਕਾ ਲਈ ਫਿੱਟ ਬੈਠਦੇ ਹਨ। ਉਨ੍ਹਾਂ ਨੇ ਹਾਲ ਹੀ ਵਿਚ ਵਿਜੇ ਹਜ਼ਾਰੇ ਟਰਾਫੀ ਵਿਚ ਵੀ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ ਸੀ।
ਹਾਲਾਂਕਿ ਟੀਮ ਕੋਲ ਨੀਤੀਸ਼ ਕੁਮਾਰ ਰੈੱਡੀ ਅਤੇ ਧਰੁਵ ਜੁਰੇਲ ਦੇ ਰੂਪ ਵਿਚ ਹੋਰ ਵਿਕਲਪ ਵੀ ਹਨ ਪਰ ਬਦੋਨੀ ਨੂੰ ਤਰਜੀਹ ਮਿਲਣ ਦੀ ਉਮੀਦ ਹੈ। ਹਾਲਾਂਕਿ ਟੀਮ ਪ੍ਰਬੰਧਨ ਦੂਜੇ ਮੈਚ ਲਈ ਪਲੇਇੰਗ ਇਲੈਵਨ ਵਿਚ ਜ਼ਿਆਦਾ ਬਦਲਾਅ ਕਰਨ ਦੇ ਹੱਕ ਵਿਚ ਨਹੀਂ ਜਾਪਦਾ। ਇਸ ਦਾ ਮਤਲਬ ਹੈ ਕਿ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਇਕ ਵਾਰ ਫਿਰ ਬੈਂਚ 'ਤੇ ਬੈਠਣਾ ਪੈ ਸਕਦਾ ਹੈ।
ਦੂਜੇ ਵਨਡੇ ਲਈ ਭਾਰਤ ਦੀ ਸੰਭਾਵਿਤ ਪਲੇਇੰਗ 11
ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਆਯੂਸ਼ ਬਦੋਨੀ, ਕੇਐਲ ਰਾਹੁਲ (ਵਿਕਟਕੀਪਰ), ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ।
