IND vs SA: ਮੈਚ ਵਿਚਾਲੇ ਆਪਸ ''ਚ ਭਿੜੇ ਡੇਵਿਡ ਮਿਲਰ ਤੇ ਵਾਸ਼ਿੰਗਟਨ ਸੁੰਦਰ, ਭੱਖ ਗਿਆ ਮਾਹੌਲ

Monday, Feb 23, 2026 - 02:01 PM (IST)

IND vs SA: ਮੈਚ ਵਿਚਾਲੇ ਆਪਸ ''ਚ ਭਿੜੇ ਡੇਵਿਡ ਮਿਲਰ ਤੇ ਵਾਸ਼ਿੰਗਟਨ ਸੁੰਦਰ, ਭੱਖ ਗਿਆ ਮਾਹੌਲ

ਅਹਿਮਦਾਬਾਦ : ਆਈ. ਸੀ. ਸੀ. (ICC) ਪੁਰਸ਼ ਟੀ-20 ਵਿਸ਼ਵ ਕੱਪ ਦੇ ਸੁਪਰ-8 ਮੁਕਾਬਲੇ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਮੈਚ ਦੌਰਾਨ ਮੈਦਾਨ 'ਤੇ ਕਾਫੀ ਤਣਾਅ ਵਾਲਾ ਮਾਹੌਲ ਦੇਖਣ ਨੂੰ ਮਿਲਿਆ। 22 ਫਰਵਰੀ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਏ ਇਸ ਮੈਚ ਵਿੱਚ ਭਾਰਤੀ ਗੇਂਦਬਾਜ਼ ਵਾਸ਼ਿੰਗਟਨ ਸੁੰਦਰ ਅਤੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੇਵਿਡ ਮਿਲਰ ਆਪਸ ਵਿਚ ਭਿੜ ਗਏ, ਜਿਸ ਤੋਂ ਬਾਅਦ ਅੰਪਾਇਰਾਂ ਨੂੰ ਵਿੱਚ-ਬਚਾਅ ਕਰਨਾ ਪਿਆ।

ਕਿਵੇਂ ਸ਼ੁਰੂ ਹੋਇਆ ਵਿਵਾਦ? 

ਇਹ ਘਟਨਾ 14ਵੇਂ ਓਵਰ ਦੀ ਆਖਰੀ ਗੇਂਦ ਤੋਂ ਬਾਅਰ ਵਾਪਰੀ, ਜਦੋਂ ਟ੍ਰਿਸਟਨ ਸਟੱਬਸ ਨੇ ਮਿਡ-ਵਿਕਟ ਵੱਲ ਸ਼ਾਟ ਖੇਡ ਕੇ ਇੱਕ ਰਨ ਲਿਆ। ਦੱਸਿਆ ਜਾ ਰਿਹਾ ਹੈ ਕਿ ਸੁੰਦਰ ਨੂੰ ਮਿਲਰ ਦੇ ਰਨਿੰਗ ਏਰੀਆ ਜਾਂ ਕ੍ਰੀਜ਼ ਤੋਂ ਜਲਦੀ ਬਾਹਰ ਨਿਕਲਣ ਨੂੰ ਲੈ ਕੇ ਇਤਰਾਜ਼ ਸੀ। ਉਨ੍ਹਾਂ ਨੇ ਪਹਿਲਾਂ ਅੰਪਾਇਰ ਕੋਲ ਸ਼ਿਕਾਇਤ ਕੀਤੀ ਅਤੇ ਫਿਰ ਦੋਵਾਂ ਖਿਡਾਰੀਆਂ ਵਿਚਕਾਰ ਬਹਿਸ ਕਾਫੀ ਤੇਜ਼ ਹੋ ਗਈ। ਹਾਲਾਂਕਿ ਇਹ ਦੋਵੇਂ ਖਿਡਾਰੀ ਮੈਦਾਨ 'ਤੇ ਸ਼ਾਂਤ ਰਹਿਣ ਲਈ ਜਾਣੇ ਜਾਂਦੇ ਹਨ, ਪਰ ਇਸ ਵਾਰ ਦੋਵੇਂ ਹੀ ਆਪਣਾ ਆਪਾ ਗੁਆ ਬੈਠੇ।

ਮਿਲਰ ਦੀ 'ਪਲੇਅਰ ਆਫ ਦ ਮੈਚ' ਪਾਰੀ 
ਇਸ ਵਿਵਾਦ ਤੋਂ ਪਹਿਲਾਂ ਹੀ ਮਿਲਰ ਭਾਰਤੀ ਗੇਂਦਬਾਜ਼ਾਂ 'ਤੇ ਹਾਵੀ ਹੋ ਚੁੱਕੇ ਸਨ। ਉਨ੍ਹਾਂ ਨੇ 35 ਗੇਂਦਾਂ 'ਤੇ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਦੀ ਬਦੌਲਤ ਦੱਖਣੀ ਅਫਰੀਕਾ ਨੇ ਮਜ਼ਬੂਤ ਸਕੋਰ ਖੜ੍ਹਾ ਕੀਤਾ। ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ 'ਪਲੇਅਰ ਆਫ ਦ ਮੈਚ' ਚੁਣਿਆ ਗਿਆ।

ਸੁੰਦਰ ਦੇ ਪ੍ਰਦਰਸ਼ਨ 'ਤੇ ਉੱਠੇ ਸਵਾਲ 
ਦੂਜੇ ਪਾਸੇ, ਅਕਸ਼ਰ ਪਟੇਲ ਦੀ ਜਗ੍ਹਾ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤੇ ਗਏ ਵਾਸ਼ਿੰਗਟਨ ਸੁੰਦਰ ਉਮੀਦਾਂ 'ਤੇ ਖਰੇ ਨਹੀਂ ਉਤਰ ਸਕੇ। ਉਨ੍ਹਾਂ ਨੇ ਗੇਂਦਬਾਜ਼ੀ ਵਿੱਚ ਦੋ ਓਵਰਾਂ ਵਿੱਚ 17 ਦੌੜਾਂ ਦਿੱਤੀਆਂ ਪਰ ਕੋਈ ਵਿਕਟ ਹਾਸਲ ਨਹੀਂ ਕੀਤੀ। ਬੱਲੇਬਾਜ਼ੀ ਵਿੱਚ ਵੀ ਉਹ ਨੰਬਰ-5 'ਤੇ ਉਤਰ ਕੇ ਸਿਰਫ਼ 11 ਦੌੜਾਂ ਹੀ ਬਣਾ ਸਕੇ।

ਅਕਸ਼ਰ ਪਟੇਲ ਦੀ ਵਾਪਸੀ ਦੀ ਚਰਚਾ 
ਸੁੰਦਰ ਦੇ ਸਧਾਰਨ ਪ੍ਰਦਰਸ਼ਨ ਤੋਂ ਬਾਅਦ ਹੁਣ 26 ਫਰਵਰੀ ਨੂੰ ਜ਼ਿੰਬਾਬਵੇ ਖਿਲਾਫ ਹੋਣ ਵਾਲੇ ਅਹਿਮ ਮੁਕਾਬਲੇ ਲਈ ਟੀਮ ਵਿੱਚ ਬਦਲਾਅ ਦੀ ਚਰਚਾ ਤੇਜ਼ ਹੋ ਗਈ ਹੈ। ਭਾਵੇਂ ਜ਼ਿੰਬਾਬਵੇ ਵਿਰੁੱਧ ਸੁੰਦਰ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ, ਪਰ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਅਕਸ਼ਰ ਪਟੇਲ ਦੀ ਵਾਪਸੀ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਹੁਣ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਕੀ ICC ਇਸ ਵਿਵਾਦ ਨੂੰ ਆਚਾਰ ਸੰਹਿਤਾ ਦੀ ਉਲੰਘਣਾ ਮੰਨਦਿਆਂ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ।


author

Tarsem Singh

Content Editor

Related News