T20i CWC ; ਅਫਰੀਕਾ ਜਾਂ ਵਿੰਡੀਜ਼ ? ਅੱਜ ਇਕ ਟੀਮ ਨੂੰ ਸੈਮੀਫਾਈਨਲ ਦੀ ਟਿਕਟ ਮਿਲਣਾ ਤੈਅ

Thursday, Feb 26, 2026 - 01:53 PM (IST)

T20i CWC ; ਅਫਰੀਕਾ ਜਾਂ ਵਿੰਡੀਜ਼ ? ਅੱਜ ਇਕ ਟੀਮ ਨੂੰ ਸੈਮੀਫਾਈਨਲ ਦੀ ਟਿਕਟ ਮਿਲਣਾ ਤੈਅ

ਸਪੋਰਟਸ ਡੈਸਕ- ਟੂਰਨਾਮੈਂਟ ’ਚ ਹੁਣ ਤੱਕ ਅਜੇਤੂ ਰਹੀਆਂ ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਟੀ-20 ਵਿਸ਼ਵ ਕੱਪ ਸੁਪਰ-8 ਦੇ ਮੁਕਾਬਲੇ ’ਚ ਵੀਰਵਾਰ ਨੂੰ ਆਹਮੋ-ਸਾਹਮਣੇ ਹੋਣਗੀਆਂ ਤਾਂ ਹਮਲਾਵਰ ਕੈਰੇਬੀਆਈ ਬੱਲੇਬਾਜ਼ਾਂ ਨੂੰ ਬਿਹਤਰ ਗੇਂਦਬਾਜ਼ੀ ਹਮਲੇ ਤੋਂ ਪਾਰ ਪਾਉਣਾ ਪਵੇਗਾ। ਦੱਖਣੀ ਅਫਰੀਕਾ ਨੇ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਭਾਰਤੀ ਟੀਮ ਨੂੰ ਪਿਛਲੇ ਮੈਚ ’ਚ ਇਸੇ ਮੈਦਾਨ ’ਤੇ 76 ਦੌੜਾਂ ਨਾਲ ਹਰਾਇਆ ਸੀ ਜਦਕਿ ਵੈਸਟਇੰਡੀਜ਼ ਨੇ ਜ਼ਿੰਬਾਬਵੇ ਨੂੰ ਮੁੰਬਈ ’ਚ 107 ਦੌੜਾਂ ਨਾਲ ਹਰਾਇਆ।

ਵੈਸਟਇੰਡੀਜ਼ ਕੋਲ ਬਿਹਤਰ ਹਮਲਾਵਰ ਬੱਲੇਬਾਜ਼ ਹਨ ਜਿਹੜੇ ਆਪਣੇ ਦਮ ’ਤੇ ਮੈਚ ਜਿਤਾਉਣ ਦੀ ਸਮਰੱਥਾ ਰੱਖਦੇ ਹਨ। ਹੁਣ ਉਨ੍ਹਾਂ ਦਾ ਸਾਹਮਣਾ ਹਾਲਾਂਕਿ ਦੱਖਣੀ ਅਫਰੀਕਾ ਦੇ ਅਜਿਹੇ ਗੇਂਦਬਾਜ਼ੀ ਹਮਲੇ ਨਾਲ ਹੋਵੇਗਾ ਜਿਸ ਨੇ ਐਤਵਾਰ ਨੂੰ ਭਾਰਤੀ ਬੱਲੇਬਾਜ਼ਾਂ ਨੂੰ ‘ਨੱਕ ਨਾਲ ਚਣੇ’ ਚਵਬਾ ਦਿੱਤੇ ਸਨ। ਮਾਰਕੋ ਜਾਨਸੇਨ, ਕੇਸ਼ਵ ਮਹਾਰਾਜ, ਕੈਗਿਸੋ ਰਬਾਡਾ ਤੇ ਲੁੰਗੀ ਇਨਗਿਡੀ ਨੇ ਮਿਲ ਕੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਦੂਜੇ ਪਾਸੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਵੀ ਘੱਟ ਨਹੀਂ ਹਨ ਤੇ ਡੇਵਿਡ ਮਿਲਰ ਨੇ ਅਕਸਰ ਸੰਕਟਮੋਚਕ ਦੀ ਭੂਮਿਕਾ ਨਿਭਾਈ ਹੈ। ਭਾਰਤ ਵਿਰੁੱਧ ਪਾਵਰਪਲੇਅ ’ਚ ਕਈ ਵਿਕਟਾਂ ਗੁਆਉਣ ਤੋਂ ਬਾਅਦ ਉਨ੍ਹਾਂ ਨੇ ਪਾਰੀ ਨੂੰ ਸੰਭਾਲਿਆ।

ਇਸ ਮਹਾਮੁਕਾਬਲੇ ’ਚ ਵਿਅਕਤੀਗਤ ਟੱਕਰ ’ਤੇ ਵੀ ਨਜ਼ਰਾਂ ਹੋਣਗੀਆਂ ਅਰਥਾਤ ਸ਼ਿਮਰੋਨ ਹੈੱਟਮਾਇਰ ਕਿਵੇਂ ਰਬਾਡਾ ਦੀਆਂ ਗੇਂਦਾਂ ਨੂੰ ਖੇਡਦਾ ਹੈ ਜਾਂ ਰੋਵਮੈਨ ਪਾਵੈੱਲ ਨੂੰ ਮਹਾਰਾਜ ਦੀ ਫਿਰਕੀ ਕਿੰਨਾ ਪ੍ਰੇਸ਼ਾਨ ਕਰ ਪਾਉਂਦੀ ਹੈ। ਮਿਲਰ ਦਾ ਤਜਰਬਾ ਖੱਬੇ ਹੱਥ ਦੇ ਸਪਿੰਨਰ ਅਕੀਲ ਹੁਸੈਨ ਸਾਹਮਣੇ ਕਿੰਨਾ ਕੰਮ ਆਉਂਦਾ ਹੈ ਜਾਂ ਜਾਨਸੇਨ ਦੀਆਂ ਗੇਂਦਾਂ ਦਾ ਉਛਾਲ ਬ੍ਰੈਂਡਨ ਕਿੰਗ ਨੂੰ ਰਾਸ ਆਉਂਦਾ ਹੈ ਜਾਂ ਨਹੀਂ। ਇਹ ਮੈਚ ਦਿਨ ’ਚ ਖੇਡਿਆ ਜਾਵੇਗਾ ਤਾਂ ਸਮੀਕਰਨ ਵੱਖਰੇ ਹੋਣਗੇ। ਤ੍ਰੇਲ ਨਾ ਹੋਣ ਕਾਰਨ ਟਾਸ ਦਾ ਮਹੱਤਵ ਓਨਾ ਨਹੀਂ ਰਹੇਗਾ। ਪਿੱਚ ਸੁੱਕੀ ਰਹਿਣ ਨਾਲ ਸ਼ੁਰੂਆਤ ’ਚ ਹੀ ਸਪਿੰਨਰਾਂ ਦੀ ਭੂਮਿਕਾ ਹੋ ਸਕਦੀ ਹੈ। ਦੱਖਣੀ ਅਫਰੀਕਾ ਨੇ ਆਪਣੇ ਜ਼ਿਆਦਾਤਰ ਮੈਚ ਨਰਿੰਦਰ ਮੋਦੀ ਸਟੇਡੀਅਮ ’ਚ ਹੀ ਖੇਡੇ ਹਨ ਜਿਸ ਨਾਲ ਟੀਮ ਇੱਥੋਂ ਦੇ ਹਾਲਾਤ ’ਚ ਢਲ ਚੁੱਕੀ ਹੈ। ਇਸ ਦਾ ਫਾਇਦਾ ਉਸ ਨੂੰ ਇਸ ਮਹੱਤਵਪੂਰਨ ਮੈਚ ’ਚ ਮਿਲ ਸਕਦਾ ਹੈ।

ਵੈਸਟਇੰਡੀਜ਼ ਜੇਕਰ ਜਿੱਤ ਜਾਂਦੀ ਹੈ ਤਾਂ ਭਾਰਤ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਨਾਲ ਵੈਸਟਇੰਡੀਜ਼ ਸੈਮੀਫਾਈਨਲ ’ਚ ਪਹੁੰਚਣ ਦੇ ਕਰੀਬ ਆ ਜਾਵੇਗਾ ਤੇ ਦੱਖਣੀ ਅਫਰੀਕਾ ਨੂੰ ਆਖਰੀ ਸੁਪਰ-8 ਮੈਚ ’ਚ ਜ਼ਿੰਬਾਬਵੇ ਨੂੰ ਹਰਾਉਣਾ ਪਵੇਗਾ। ਅਜਿਹੇ ’ਚ ਭਾਰਤ ਨੂੰ ਵੈਸਟਇੰਡੀਜ਼ ਤੇ ਜ਼ਿੰਬਾਬਵੇ ਦੋਵਾਂ ’ਤੇ ਵੱਡੇ ਫਰਕ ਨਾਲ ਜਿੱਤ ਦਰਜ ਕਰਨੀ ਪਵੇਗੀ।

ਟੀਮਾਂ
ਵੈਸਟਇੰਡੀਜ਼ : ਸ਼ਾਈ ਹੋਪ (ਕਪਤਾਨ), ਜਾਨਸਨ ਚਾਰਲਸ, ਰੋਸਟਨ ਚੇਜ਼, ਮੈਥਿਊ ਫੋਰਡ, ਸ਼ਿਮਰੋਨ ਹੈੱਟਮਾਇਰ, ਜੈਸਨ ਹੋਲਡਰ, ਅਕੀਲ ਹੁਸੈਨ, ਸ਼ਮਰ ਜੋਸੇਫ, ਬ੍ਰੈਂਡਨ ਕਿੰਗ, ਗੁਡਾਕੈਸ਼ ਮੋਤੀ, ਰੋਵਮੈਨ ਪਾਵੈੱਲ, ਸ਼ੇਰਫੇਨ ਰਦਰਫੋਰਡ, ਕਵੈਂਟਿਨ ਸੈਂਪਸਨ, ਜੇਡਨ ਸੀਲਸ, ਰੋਮਾਰੀਓ ਸ਼ੈਫਰਡ।

ਦੱਖਣੀ ਅਫਰੀਕਾ : ਐਡਨ ਮਾਰਕ੍ਰਮ (ਕਪਤਾਨ), ਕਵਿੰਟਨ ਡੀ ਕੌਕ (ਵਿਕਟਕੀਪਰ), ਰਿਆਨ ਰਿਕਲਟਨ, ਡੇਵਾਲਡ ਬ੍ਰੇਵਿਸ, ਟ੍ਰਿਸਟਨ ਸਟੱਬਸ, ਡੇਵਿਡ ਮਿਲਰ, ਮਾਰਕੋ ਜਾਨਸੇਨ, ਕੈਗਿਸੋ ਰਬਾਡਾ, ਲੂੰਗੀ ਇਨਗਿਡੀ, ਕੇਸ਼ਵ ਮਹਾਰਾਜ, ਕਾਰਬਿਨ ਬੌਸ਼, ਐਨਰਿਕ ਨੋਰਤਜੇ , ਕੁਵੇਨਾ ਮਫਾਕਾ, ਜਾਰਜ ਲਿੰਡੇ, ਜੈਸਨ ਸਮਿਥ।


author

Harpreet SIngh

Content Editor

Related News