PCB ਨੇ ਦਿੱਤੀ ਧਮਕੀ, ਜੇਕਰ ਭਾਰਤ ਏਸ਼ੀਆ ਕੱਪ ਨਹੀਂ ਖੇਡੇਗਾ ਤਾਂ ਚੁੱਕਾਂਗੇ ਇਹ ਕਦਮ

01/25/2020 4:36:00 PM

ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਸੀਮ ਖਾਨ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਜੇਕਰ ਭਾਰਤੀ ਟੀਮ ਇਸ ਸਾਲ ਸਤੰਬਰ ਵਿਚ ਹੋਣ ਵਾਲੇ ਏਸ਼ੀਆ ਕੱਪ ਟੀ-20 ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ ਤਾਂ ਪਾਕਿਸਤਾਨ ਵੀ 2021 ਟੀ-20 ਵਰਲਡ ਕੱਪ ਲਈ ਆਪਣੀ ਟੀਮ ਨੂੰ ਭਾਰਤ ਨਹੀਂ ਭੇਜੇਗਾ।

PunjabKesari

ਵਸੀਮ ਖਾਨ ਨੇ ਲਾਹੌਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਭਾਰਤੀ ਟੀਮ ਏਸ਼ੀਆ ਕੱਪ ਲਈ ਜੇਕਰ ਪਾਕਿਸਤਾਨ ਨਹੀਂ ਆਵੇਗੀ ਤਾਂ ਅਸੀਂ ਵੀ ਉਨ੍ਹਾਂ ਦੀ ਮੇਜ਼ਬਾਨੀ 'ਚ ਹੋਣ ਵਾਲੇ ਟੀ-20 ਵਰਲਡ ਕੱਪ (2021 ਵਿਚ) ਵਿਚ ਹਿੱਸਾ ਲੈਣ ਤੋਂ ਮਨ੍ਹਾ ਕਰ ਦੇਵਾਂਗੇ।'' ਪੀ. ਸੀ. ਬੀ. ਦੇ ਇਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਖਬਰਾਂ ਨੂੰ ਗਲਤ ਦੱਸਿਆ, ਜਿਸ ਵਿਚ ਕਿਹਾ ਗਿਆ ਸੀ ਕਿ ਬੋਰਡ ਨੇ ਬੰਗਲਾਦੇਸ਼ ਨੂੰ ਪਾਕਿਸਤਾਨ ਦੌਰੇ ਲਈ ਮਨਾਉਣ ਲਈ ਏਸ਼ੀਆ ਕੱਪ ਦੀ ਮੇਜ਼ਬਾਨੀ ਉਨ੍ਹਾਂ ਨੂੰ ਸੌਂਪ ਦਿੱਤੀ ਹੈ।

PunjabKesari

ਵਸੀਮ ਖਾਨ ਨੇ ਕਿਹਾ, ''ਏਸ਼ੀਅਨ ਕ੍ਰਿਕਟ ਪਰੀਸ਼ਦ (ਏ. ਸੀ. ਸੀ.) ਨੇ ਮੇਜ਼ਬਾਨੀ ਦੇ ਅਧਿਕਾਰ ਸਾਨੂੰ ਸੌਂਪੇ ਹਨ ਅਤੇ ਅਸੀਂ ਇਹ ਕਿਸੇ ਹੋਰ ਨੂੰ ਨਹੀਂ ਦੇ ਸਕਦੇ। ਸਾਡੇ ਕੋਲ ਇਸ ਦਾ ਅਧਿਕਾਰ ਨਹੀਂ ਹੈ। '' ਖਾਨ ਨੇ ਹਾਲਾਂਕਿ ਮੰਨਿਆ ਕਿ ਭਾਰਤ ਦੇ ਨਾਲ ਤਣਾਅ ਕਾਰਨ ਪਾਕਿਸਤਾਨ ਏਸ਼ੀਆ ਕੱਪ ਦੀ ਮੇਜ਼ਬਾਨੀ ਲਈ 2 ਸਥਾਨਾਂ 'ਤੇ ਵਿਚਾਰ ਕਰ ਰਿਹਾ ਹੈ। ਭਾਰਤ ਨੇ 2008 ਵਿਚ ਤੋਂ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ ਜਦਕਿ ਉਸ ਨੇ ਖਰਾਬ ਸਿਆਸੀ ਸਬੰਧਾਂ ਕਾਰਨ 2007 ਤੋਂ ਪਾਕਿਸਤਾਨ ਦੇ ਨਾਲ ਦੋ ਪੱਖੀ ਸੀਰੀਜ਼ ਨਹੀਂ ਖੇਡੀ ਹੈ। ਪਾਕਿਸਤਾਨ ਨੇ ਸੀਮਤ ਓਵਰਾਂ ਦੀ ਸੀਰੀਜ਼ ਲਈ 2012 ਵਿਚ ਭਾਰਤ ਦਾ ਦੌਰਾ ਕੀਤਾ ਸੀ। ਕ੍ਰਿਕਟ ਜਾਣਕਾਰਾਂ ਦਾ ਮੰਨਣਾ ਹੈ ਕਿ ਏਸ਼ੀਆ ਕੱਪ ਦੀ ਮੇਜ਼ਬਾਨੀ ਵਿਚ ਪਾਕਿਸਤਾਨ ਲਈ ਮੁੱਖ ਰੁਕਾਵਟ ਇਹ ਹੋਵੇਗੀ ਕਿ ਕੀ ਭਾਰਤ ਸੁਰੱਖਿਆ ਕਾਰਨਾਂ ਤੋਂ ਇੱਥੇ ਖੇਡਣ ਲਈ ਸਹਿਮਤ ਹੋਵੇਗਾ।


Related News