ਆਈ. ਐੱਸ. ਐੱਲ. 'ਚ ਨਿਰੰਤਰਤਾ ਦਾ ਨਾਂ ਹੈ ਬੈਂਗਲੁਰੂ ਐੱਫ. ਸੀ.

Saturday, Oct 19, 2019 - 03:41 AM (IST)

ਆਈ. ਐੱਸ. ਐੱਲ. 'ਚ ਨਿਰੰਤਰਤਾ ਦਾ ਨਾਂ ਹੈ ਬੈਂਗਲੁਰੂ ਐੱਫ. ਸੀ.

ਬੈਂਗਲੁਰੂ- ਹੀਰੋ ਇੰਡੀਅਨ ਸੁਪਰ ਲੀਗ ਦਾ ਛੇਵਾਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਟੂਰਨਾਮੈਂਟ ਵਿਚ ਬੈਂਗਲੁਰੂ ਐੱਫ. ਸੀ. ਦਾ ਹੁਣ ਤਕ ਦਾ ਸਫਰ ਸ਼ਾਨਦਾਰ ਰਿਹਾ ਹੈ। ਆਈ-ਲੀਗ ਵਿਚ ਤਿੰਨ ਸਾਲ ਤੋਂ ਬਾਅਦ ਇਸ ਕਲੱਬ ਨੇ 2017 ਵਿਚ ਆਈ. ਐੱਸ. ਐੱਲ. ਵਿਚ ਪ੍ਰਵੇਸ਼ ਕੀਤਾ ਤੇ ਫਿਰ ਤੁਰੰਤ ਛਾ ਗਿਆ। ਸਪੈਨਿਸ਼ ਕੋਚ ਅਲਬਰਟ ਰੋਕਾ ਦੀ ਦੇਖ-ਰੇਖ ਵਿਚ ਇਸ ਕਲੱਬ ਨੇ ਪਹਿਲੇ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 8 ਅੰਕਾਂ ਦੀ ਬੜ੍ਹਤ ਨਾਲ ਟੇਬਲ ਟਾਪਰ ਰਿਹਾ। ਫਾਈਨਲ ਵਿਚ ਹਾਲਾਂਕਿ ਉਸ ਨੂੰ ਚੇਨੀਅਨ ਐੱਫ. ਸੀ. ਹੱਥੋਂ ਆਪਣੇ ਹੀ ਘਰ ਵਿਚ ਹਾਰ ਮਿਲੀ ਸੀ।
ਅਗਲੀ ਵਾਰ ਬੈਂਗਲੁਰੂ ਨੇ ਫਿਰ ਤੋਂ ਆਪਣੀ ਮੁਹਿੰਮ ਸ਼ੁਰੂ ਕੀਤੀ ਪਰ ਇਸ ਵਾਰ ਰੋਕਾ ਉਸਦੇ ਨਾਲ ਨਹੀਂ ਸੀ। ਉਸਦੀ ਜਗ੍ਹਾ ਲਈ ਸੀ ਚਾਰਲਸ ਕੁਆਰਡਰਟ ਨੇ। ਇਸ ਵਾਰ ਬੈਂਗਲੁਰੂ ਨੇ ਵੱਧ ਹਮਲਾਵਰਤਾ ਨਾਲ ਲੀਗ ਦੀ ਸ਼ੁਰੂਆਤ ਕੀਤੀ ਤੇ ਇਕ ਵਾਰ ਫਿਰ ਲੀਗ ਟੇਬਲ ਵਿਚ ਟਾਪ ਰਿਹਾ ਤੇ ਲਗਾਤਾਰ ਦੂਜੀ ਵਾਰ ਫਾਈਨਲ ਵਿਚ ਪਹੁੰਚਿਆ। ਇਸ ਵਾਰ ਫਾਈਨਲ ਵਿਚ ਉਸਦੇ ਸਾਹਮਣੇ ਐੱਫ. ਸੀ. ਗੋਆ ਸੀ, ਜਿਸ ਨੂੰ ਹਰਾ ਕੇ ਬੈਂਗਲੁਰੂ ਨੇ ਆਪਣੇ ਉਸ ਸੁਪਨੇ ਨੂੰ ਪੂਰਾ ਕੀਤਾ, ਜਿਹੜਾ ਬੀਤੇ ਸਾਲ ਬਹੁਤ ਘੱਟ ਫਰਕ ਨਾਲ ਅਧੂਰਾ ਰਹਿ ਗਿਆ ਸੀ। ਇਸ ਤੋਂ ਬਾਅਦ ਤਾਂ ਮੰਨੋ ਜਿਵੇਂ ਹਰ ਪਾਸੇ ਜਸ਼ਨ ਦਾ ਮਾਹੌਲ ਸੀ। ਫਿਰ ਉਸ ਨੇ ਆਪਣੇ ਖਿਤਾਬ ਨੂੰ ਬਚਾਉਣਾ ਸੀ, ਇਸਦੇ ਲਈ ਉਸ ਨੇ ਨਵੇਂ ਖਿਡਾਰੀਆਂ ਨੂੰ ਆਪਣੇ ਨਾਲ ਜੋੜਿਆ ਤੇ ਕਈ ਅਜਿਹੇ ਖਿਡਾਰੀਆਂ ਨੂੰ ਰਿਟੇਨ ਕੀਤਾ, ਜਿਹੜੇ ਉਸਦੇ ਲਈ ਮਾਇਨੇ ਰੱਖਦੇ ਸਨ ਤੇ ਹੁਣ ਇਹ ਟੀਮ ਇਕ ਵਾਰ ਫਿਰ ਆਪਣਾ ਦਬਦਬਾ ਬਣਾਉਣ ਲਈ ਤਿਆਰ ਹੈ।
ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਵੇਗਾ ਆਈ. ਐੱਸ. ਐੱਲ. ਦਾ ਛੇਵਾਂ ਸੈਸ਼ਨ

ਇੰਡੀਅਨ ਸੁਪਰ ਲੀਗ 2019-20 ਇੱਥੇ ਐਤਵਾਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਵੇਗਾ, ਜਿਸ ਵਿਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਤੇ ਦਿਸ਼ਾ ਪਾਟਨੀ ਪੇਸ਼ਕਾਰੀ ਦੇਣਗੇ। ਦੋ ਵਾਰ ਦੀ ਚੈਂਪੀਅਨ ਏ. ਟੀ. ਕੇ. ਦਾ ਸਾਹਮਣਾ ਛੇਵੇਂ ਸੈਸ਼ਨ ਦੇ ਸ਼ੁਰੂਆਤੀ ਮੈਚ ਵਿਚ ਪੁਰਾਣੇ ਵਿਰੋਧੀ ਕੇਰਲਾ ਬਲਾਸਟਰਸ ਐੱਫ. ਸੀ. ਨਾਲ ਹੋਵੇਗਾ। ਮੈਚ ਤੋਂ ਪਹਿਲਾਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਭਾਰਤ ਦਾ ਇਕ ਡਾਂਸ ਗਰੁੱਪ 'ਕਿੰਗਸ ਯੂਨਾਈਟਿਡ' ਵੀ ਪੇਸ਼ਕਾਰੀ ਦੇਵੇਗਾ।


author

Gurdeep Singh

Content Editor

Related News