ਖੇਡ ਭਾਵਨਾ 'ਤੇ ਪੰਜਾਬ ਪੁਲਸ ਦੇ ਆਹੁਦਿਆਂ ਦੀ ਲਾਲਸਾ ਭਾਰੂ

08/13/2018 5:20:05 PM

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਪੰਜਾਬ ਪੁਲਸ ਵਲੋਂ ਭਰਤੀ ਕੀਤੇ ਜਾਣ ਦੇ ਮੁੱਦੇ 'ਤੇ ਪੁਲਸ ਅਤੇ ਪ੍ਰਸ਼ਾਸਨ ਦਰਮਿਆਨ ਨਵੀਂ ਚਰਚਾ ਛਿੜੀ ਹੋਈ ਹੈ। ਪੁਲਸ ਦੇ ਸੀਨੀਅਰ ਅਧਿਕਾਰੀਆਂ ਅਤੇ ਮੁੱਖ ਮੰਤਰੀ ਦਫਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਡਾਂ ਨੂੰ ਪ੍ਰੱਫਲਿਤ ਕਰਨ ਅਤੇ ਖਿਡਾਰੀਆਂ ਨੂੰ ਨੌਕਰੀਆਂ ਦੇ ਕੇ ਮਾਣ ਸਨਮਾਨ ਦੇਣ ਲਈ ਖੇਡ ਵਿਭਾਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਆਪਣੀ ਵਿਦਿਅਕ ਯੋਗਤਾ ਨੂੰ ਲੈ ਕੇ ਇਨ੍ਹੀਂ ਦਿਨੀ ਸੁਰਖੀਆਂ ਵਿਚ ਹੈ ਅਤੇ ਡੀ. ਐੱਸ. ਪੀ. ਦੀ ਨੌਕਰੀ ਹਾਸਲ ਕਰ ਚੁੱਕੀ ਇਸ ਖਿਡਾਰਨ ਦੇ ਭਵਿੱਖ ਬਾਰੇ ਭੰਬਲਭੂਸੇ ਵਾਲੇ ਹਾਲਾਤ ਬਣੇ ਹੋਏ ਹਨ। ਪੁਲਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਤਿੰਨ ਦਰਜਨ ਦੇ ਕਰੀਬ ਖੇਡ ਕੋਟੇ ਤਹਿਤ ਭਰਤੀ ਹੋਏ ਪੁਲਸ ਅਫਸਰ ਅਜਿਹੇ ਹਨ, ਜੋ ਇਸ ਸਮੇਂ ਡੀ. ਐੱਸ. ਪੀ. ਅਤੇ ਐੱਸ. ਪੀ. ਦੇ ਆਹੁਦਿਆਂ 'ਤੇ ਕੰਮ ਕਰ ਰਹੇ ਹਨ। ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁੱਖਦੇਵ ਸਿੰਘ ਢੀਂਡਸਾ ਨੇ ਅਕਾਲੀ-ਭਾਜਪਾ ਸਰਕਾਰ ਸਮੇਂ ਖਿਡਾਰੀਆਂ ਨੂੰ ਡੀ. ਐੱਸ. ਪੀ. ਵਜੋਂ ਭਰਤੀ ਕਰਨ ਦੇ ਮੁੱਦੇ 'ਤੇ ਸਰਕਾਰ ਨੂੰ ਕਿਹਾ ਸੀ ਕਿ ਪੰਜਾਬ ਸਰਕਾਰ ਵਿਚ ਨੌਕਰੀਆਂ ਹਾਸਲ ਕਰਨਤੋਂ ਬਾਅਦ ਕੋਈ ਵੀ ਖਿਡਾਰੀ ਪੰਜਾਬ ਖਾਤਰ ਨਹੀਂ ਖੇਡਦਾ। ਇਸ ਲਈ ਇਹ ਜ਼ਰੂਰੀ ਬਣਾਇਆ ਜਾਵੇ ਕਿ ਖੇਡ ਕੋਟੇਂ ਤਹਿਤ ਭਰਤੀ ਹੋਏ ਖਿਡਾਰੀਆਂ ਦੀ 10 ਸਾਲ ਤੱਕ ਕੋਈ ਤਾਇਨਾਤੀ ਨਾ ਕੀਤੀ ਜਾਵੇ, ਸਿਰਫ ਖੇਡਾਂ ਦੇ ਖੇਤਰ ਵਿਚ ਹੀ ਕੰਮ ਲਿਆ ਜਾਵੇ ਜਾਂ ਫਿਰ ਕੋਚਿੰਗ ਆਦਿ ਦਾ ਕੰਮ ਲਿਆ ਜਾਵੇ।

ੁਪੁਲਸ ਵਿਭਾਗ ਨੂੰ ਸੰਵੇਦਨਸ਼ੀਲ ਲੋਕਾਂ ਦੀ ਜਾਨ-ਮਾਲ ਨਾਲ ਜੁੜਿਆ ਵਿਭਾਗ ਮੰਨਿਆ ਜਾਂਦਾ ਹੈ ਅਤੇ ਸਰਕਾਰ ਵਲੋਂ ਖਿਡਾਰੀਆਂ ਨੂੰ ਪੁਲਸ ਵਿਚ ਭਰਤੀ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਜਦਕਿ ਹੋਰ ਵੀ ਕਈ ਵਿਭਾਗ ਹਨ ਜਿੱਥੇ ਖਿਡਾਰੀਆਂ ਦੀਆਂ ਸੇਵਾਵਾਂ ਹੀ ਨਹੀਂ ਲਈਆਂ ਜਾ ਸਕਦੀਆਂ, ਸਗੋਂ ਖਿਡਾਰੀਆਂ ਲਈ ਕੋਚਿੰਗ ਦਾ ਕੰਮ ਵੀ ਲਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਵਿਚ ਖਿਡਾਰੀ ਕੋਟੇ ਤਹਿਤ ਭਰਤੀ ਹੋਏ ਅਫਸਰ ਵੱਡੇ ਆਹੁਦਿਆਂ 'ਤੇ ਜਾ ਪੁੱਜੇ ਪਰ ਖੇਡਾਂ ਦੇ ਖੇਤਰ ਵਿਚ ਨੌਕਰੀ ਹਾਸਲ ਕਰਨ ਤੋਂ ਬਾਅਦ ਵੱਡੇ ਖਿਡਾਰੀ ਪੈਦਾ ਕਰਨ ਦਾ ਰਿਕਾਰਡ ਹਾਸਲ ਨਹੀਂ ਹੁੰਦਾ। ਖਿਡਾਰੀਆਂ ਨੂੰ ਸਪੋਰਟਸ ਵਿਭਾਗ ਵਿਚ ਕੋਚ ਵਜੋਂ ਭਰਤੀ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਹੋਰ ਵਿਭਾਗਾਂ ਵਿਚ ਭਰਤੀ ਕਰ ਕੇ ਖੇਡ ਟੀਮਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਖੇਡਾਂ ਵਲ ਹੀ ਨਹੀਂ ਸਗੋਂ ਪੰਜਾਬ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਮੁੜ ਨਾਮ ਕਮਾਏਗਾ।


Related News