ਬੰਗਾਲ ’ਚ ਰਾਸ਼ਟਰੀ ਨਹੀਂ ਸਥਾਨਕ ਮੁੱਦੇ ਭਾਰੂ, ਅੱਧੀਆਂ ਤੋਂ ਵੱਧ ਸੀਟਾਂ ’ਤੇ ਮੁਕਾਬਲਾ ਤਿਕੋਣਾ
Tuesday, May 07, 2024 - 12:41 PM (IST)
ਨੈਸ਼ਨਲ ਡੈਸਕ- 2024 ਦੀਆਂ ਚੋਣਾਂ ’ਚ ਪੱਛਮੀ ਬੰਗਾਲ ’ਚ ਰਾਸ਼ਟਰੀ ਮੁੱਦਿਆਂ ਦੀ ਬਜਾਏ ਸੂਬੇ ਦੇ ਮੁੱਦੇ ਭਾਰੂ ਹਨ। ਇਨ੍ਹਾਂ ’ਚ ਸੰਦੇਸ਼ਖਾਲੀ ਦੀਆਂ ਘਟਨਾਵਾਂ, ਹਾਈ ਕੋਰਟ ਵਲੋਂ ਸਕੂਲ ਸੇਵਾ ਕਮਿਸ਼ਨ ਵਲੋਂ ਅਧਿਆਪਕਾਂ ਅਤੇ ਗੈਰ-ਅਧਿਆਪਕਾਂ ਦੀਆਂ ਨਿਯੁਕਤੀਆਂ ਨੂੰ ਰੱਦ ਕਰਨਾ ਅਤੇ ਨਾਗਰਿਕਤਾ ਸੋਧ ਲਾਗੂ ਕਰਨਾ ਆਦਿ ਸ਼ਾਮਲ ਹਨ। ਸਿਆਸੀ ਮਾਹਿਰਾਂ ਅਨੁਸਾਰ ਸੂਬੇ ’ਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧੀ ਲੜਾਈ ਦੀ ਬਜਾਏ ਤਿਕੋਨੀ ਲੜਾਈ ਹੋ ਰਹੀ ਹੈ ਕਿਉਂਕਿ ਖੱਬੇਪੱਖੀ ਪਾਰਟੀਆਂ ਅਤੇ ਕਾਂਗਰਸ ਦਾ ਗੱਠਜੋੜ ਕਈ ਸੀਟਾਂ ’ਤੇ ਮਜ਼ਬੂਤ ਸਥਿਤੀ ’ਚ ਚੱਲ ਰਿਹਾ ਹੈ।
18-20 ਸੀਟਾਂ ’ਤੇ ਚੋਣ ਜੰਗ ਮਜ਼ੇਦਾਰ
ਸੈਂਟਰ ਫਾਰ ਸਟੱਡੀਜ਼ ਇਨ ਸੋਸ਼ਲ ਸਾਇੰਸਿਜ਼ ਦੇ ਸਿਆਸੀ ਵਿਗਿਆਨਿਕ ਮਦੁਲ ਇਸਲਾਮ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੁਝ ਮਹੀਨੇ ਪਹਿਲਾਂ ਤ੍ਰਿਣਮੂਲ ਅਤੇ ਭਾਜਪਾ ਵਿਚਾਲੇ ਸਿੱਧੀ ਲੜਾਈ ਸੀ ਪਰ 18-20 ਸੀਟਾਂ ’ਤੇ ਖੱਬੇਪੱਖੀ ਪਾਰਟੀਆਂ ਅਤੇ ਕਾਂਗਰਸ ਦਾ ਗੱਠਜੋੜ ਹੋਣ ਨਾਲ ਲੜਾਈ ਤਿਕੋਨੀ ਹੋ ਗਈ ਹੈ। ਦੱਖਣੀ ਬੰਗਾਲ ਦੀਆਂ 2-3 ਸੀਟਾਂ ਤੋਂ ਇਲਾਵਾ 13 ਸੀਟਾਂ ’ਤੇ ਤ੍ਰਿਣਮੂਲ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਅਤੇ ਕਾਂਗਰਸ ਦੇ ਗੱਠਜੋੜ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ ਜਦਕਿ ਗੱਠਜੋੜ ਕੋਲ 10 ਫੀਸਦੀ ਨਾਲੋਂ ਵੱਧ ਵੋਟ ਬੈਂਕ ਹੈ। ਉਹ ਕੁਝ ਫੀਸਦੀ ਜ਼ਿਆਦਾ ਵੋਟਾਂ ਲੈ ਕੇ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਨੂੰ ਪਛਾੜ ਸਕਦਾ ਹੈ।
ਇਨ੍ਹਾਂ ਜ਼ਿਲਿਆਂ ’ਚ ਤਿਕੋਣਾ ਮੁਕਾਬਲਾ
ਤ੍ਰਿਣਮੂਲ ਕਾਂਗਰਸ ਅਤੇ ਮਾਰਕਸਵਾਦੀ ਪਾਰਟੀ ਦੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ’ਚ ਇਸ ਗੱਲ ਦਾ ਜ਼ਿਕਰ ਹੈ ਕਿ ਮਾਲਦਾ ਅਤੇ ਮੁਰਸ਼ਿਦਾਬਾਦ ਤੋਂ ਇਲਾਵਾ ਦਮਦਮ, ਸ਼੍ਰੀਰਾਮਪੁਰ, ਆਰਾਮਬਾਗ, ਹੁਗਲੀ, ਹਾਵੜਾ, ਬਰਾਕਪੁਰ, ਬਰਧਮਾਨ ਪੂਰਬੀ, ਬਰਧਮਾਨ-ਦੁਰਗਾਪੁਰ, ਬਾਂਕੁਰਾ, ਪੁਰੁਲੀਆ, ਤਾਮਲੁਕ, ਕੋਲਕਾਤਾ ਉੱਤਰੀ ਅਤੇ ਜਾਦਵਪੁਰ ’ਚ ਤਿਕੋਣਾ ਮੁਕਾਬਲਾ ਹੈ।
2019 ’ਚ ਕੀ ਸਨ ਸਮੀਕਰਨ
2019 ’ਚ ਇਨ੍ਹਾਂ ’ਚੋਂ 8 ਸੀਟਾਂ ਤ੍ਰਿਣਮੂਲ ਕਾਂਗਰਸ ਨੇ ਅਤੇ ਬਾਕੀ ਸੀਟਾਂ ਭਾਜਪਾ ਨੇ ਜਿੱਤੀਆਂ ਸਨ। ਖੱਬੇਪੱਖੀ ਪਾਰਟੀਆਂ 42 ’ਚੋਂ 30 ਸੀਟਾਂ ’ਤੇ ਅਤੇ ਕਾਂਗਰਸ 12 ਸੀਟਾਂ ’ਤੇ ਚੋਣ ਲੜ ਰਹੀ ਹੈ। ਪਿਛਲੀ ਵਾਰ ਭਾਜਪਾ ਨੇ 18 ਸੀਟਾਂ ਜਿੱਤੀਆਂ ਸਨ ਅਤੇ ਉਸ ਦਾ ਵੋਟ ਸ਼ੇਅਰ 17 ਫੀਸਦੀ ਨਾਲੋਂ ਵਧ ਕੇ 40 ਫੀਸਦੀ ਹੋ ਗਿਆ ਸੀ। ਤ੍ਰਿਣਮੂਲ ਦਾ ਵੋਟ ਸ਼ੇਅਰ 3 ਫੀਸਦੀ ਵਧਿਆ ਪਰ ਫਿਰ ਵੀ ਉਸ ਨੂੰ 12 ਸੀਟਾਂ ਦਾ ਨੁਕਸਾਨ ਹੋਇਆ ਅਤੇ ਉਹ 34 ਤੋਂ ਡਿੱਗ ਕੇ 22 ’ਤੇ ਆ ਗਈ।