ਪ੍ਰੋ ਕਬੱਡੀ ਲੀਗ ''ਚ ਪਿਛਲੀ ਵਾਰ 6 ਕਰੋੜਪਤੀ, ਇਸ ਵਾਰ 2 ਕਰੋੜਪਤੀ

04/09/2019 10:20:08 PM

ਮੁੰਬਈ- ਪ੍ਰੋ ਕਬੱਡੀ ਲੀਗ ਦੇ 7ਵੇਂ ਸੈਸ਼ਨ ਲਈ ਸੋਮਵਾਰ ਤੇ ਮੰਗਲਵਾਰ ਇਥੇ ਹੋਈ ਦੋ ਦਿਨ ਦੀ ਖਿਡਾਰੀਆਂ ਦੀ ਨੀਲਾਮੀ ਵਿਚ ਇਸ ਵਾਰ ਦੋ ਖਿਡਾਰੀ ਹੀ ਕਰੋੜਪਤੀ ਬਣ ਸਕੇ, ਜਦਕਿ ਪਿਛਲੇ ਸੈਸ਼ਨ ਵਿਚ 6 ਖਿਡਾਰੀ ਕਰੋੜਪਤੀ ਬਣੇ ਸਨ। ਪ੍ਰੋ ਕਬੱਡੀ ਦੀ ਨੀਲਾਮੀ ਖਤਮ ਹੋਣ ਤੋਂ ਬਾਅਦ 7ਵੇਂ ਸੈਸ਼ਨ ਲਈ 12 ਫ੍ਰੈਂਚਾਇਜ਼ੀ ਟੀਮਾਂ ਨੇ ਕੁਲ 200 ਖਿਡਾਰੀਆਂ ਨੂੰ ਖਰੀਦਿਆ। 7ਵੇਂ ਸੈਸ਼ਨ ਲਈ 173 ਘਰੇਲੂ ਖਿਡਾਰੀ ਤੇ 27 ਕੌਮਾਂਤਰੀ ਖਿਡਾਰੀ ਪ੍ਰੋ ਲੀਗ ਦਾ ਹਿੱਸਾ ਹੋਣਗੇ। ਫ੍ਰੈਂਚਾਇਜ਼ੀ ਟੀਮਾਂ ਨੇ ਖਿਡਾਰੀਆਂ ਨੂੰ ਖਰੀਦਣ ਲਈ 50 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ। ਸਿਧਾਰਥ ਦੇਸਾਈ 1.45 ਕਰੋੜ ਰੁਪਏ ਨਾਲ ਇਸ ਸੈਸ਼ਨ ਦਾ ਸਭ ਤੋਂ ਮਹਿੰਗਾ ਖਿਡਾਰੀ ਤੇ ਲੀਗ ਇਤਿਹਾਸ ਦਾ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਬਣਿਆ। ਪਿਛਲੇ ਸੈਸ਼ਨ ਵਿਚ ਹਰਿਆਣਾ ਸਟੀਲਰਸ ਨੇ ਮੋਨੂੰ ਗੋਇਤ ਨੂੰ 1.51 ਕਰੋੜ ਰੁਪਏ ਵਿਚ ਖਰੀਦਿਆ ਸੀ। ਇਸ ਵਾਰ ਨਿਤਿਨ ਤੋਮਰ 1.20 ਕਰੋੜ ਰੁਪਏ ਨਾਲ ਦੂਜਾ ਕਰੋੜਪਤੀ ਖਿਡਾਰੀ ਰਿਹਾ। ਸਿਧਾਰਥ ਨੂੰ ਤੇਲਗੂ ਟਾਈਟਨਸ ਨੇ 1.45 ਕਰੋੜ ਰੁਪਏ ਦੀ ਵੱਡੀ ਕੀਮਤ 'ਤੇ ਖਰੀਦਿਆ, ਜਦਕਿ ਨਿਤਿਨ ਤੋਮਰ ਨੂੰ ਪੁਣੇਰੀ ਪਲਟਨ ਨੇ 1.20 ਕਰੋੜ ਰੁਪਏ ਵਿਚ ਖਰੀਦਿਆ।
ਰੇਡਰ ਮਨਜੀਤ ਵਰਗ-ਬੀ ਵਿਚ ਸਭ ਤੋਂ ਵੱਧ ਕੀਮਤ ਹਾਸਲ ਕਰਨ ਵਾਲਾ ਖਿਡਾਰੀ ਰਿਹਾ। ਪੁਣੇਰੀ ਪਲਟਨ ਨੇ ਮਨਜੀਤ ਨੂੰ 63 ਲੱਖ ਰੁਪਏ ਵਿਚ, ਜਦਕਿ ਮਹਿੰਦਰ ਸਿੰਘ ਨੂੰ ਬੈਂਗਲੁਰੂ ਬੁੱਲਜ਼ ਨੇ ਵਰਗ-ਬੀ ਵਿਚ 80 ਲੱਖ ਰੁਪਏ ਵਿਚ ਖਰੀਦਿਆ। ਵਿਦੇਸ਼ੀ ਖਿਡਾਰੀਆਂ 'ਚ ਈਰਾਨ ਦੇ ਮੁਹੰਮਦ ਇਸਮਾਈਲ ਨਬੀ ਬਖਸ਼ ਨੂੰ ਬੰਗਾਲ ਵਾਰੀਅਰਸ ਨੇ 77.75 ਲੱਖ ਰੁਪਏ ਵਿਚ ਖਰੀਦਿਆ ਤੇ ਉਹ ਲੀਗ ਦਾ ਸਭ ਤੋਂ ਮਹਿੰਗਾ ਵਿਦੇਸ਼ੀ ਖਿਡਾਰੀ ਬਣ ਗਿਆ। ਈਰਾਨ ਦੇ ਅਬੁਜਰ ਮੋਹਾਜੇਰਮਿਗਾਨੀ ਨੂੰ ਤੇਲਗੂ ਟਾਈਟਨਸ ਨੇ 75 ਲੱਖ ਰੁਪਏ ਵਿਚ ਖਰੀਦਿਆ, ਜਦਕਿ ਕੋਰੀਆ ਦਾ ਜਾਂਗ ਕੁਨ ਲੀ 40 ਲੱਖ ਰੁਪਏ ਵਿਚ 3 ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਦੇ ਹਿੱਸੇ ਵਿਚ ਗਿਆ। 
ਯੂ ਮੁੰਬਾ ਨੇ ਇਸ ਵਾਰ ਸਿਧਾਰਥ ਨੂੰ ਰੀਟੇਨ ਨਹੀਂ ਕੀਤਾ ਸੀ ਤੇ ਤੇਲਗੂ ਟੀਮ ਨੇ ਉਸ ਨੂੰ ਖਰੀਦ ਲਿਆ। ਸਿਧਾਰਥ ਨੇ ਪਿਛਲੇ ਸੈਸ਼ਨ ਵਿਚ ਪ੍ਰੋ ਲੀਗ ਵਿਚ ਆਪਣਾ ਡੈਬਿਊ ਕੀਤਾ ਸੀ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 218  ਰੇਡ ਅੰਕ ਹਾਸਲ ਕੀਤੇ ਸਨ। ਉਸ ਦੇ ਕੁਲ 221 ਅੰਕ ਰਹੇ ਸਨ। ਉਸ ਦੇ ਇਸ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਹੀ ਉਸ ਨੂੰ ਲੀਗ ਦੇ ਇਤਿਹਾਸ ਦਾ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਬਣਾ ਦਿੱਤਾ। ਇਸ ਵਾਰ ਸਭ ਤੋਂ ਵੱਧ ਕੀਮਤ ਹਾਸਲ ਕਰਨ ਵਾਲੇ ਦੇਸਾਈ ਨੇ ਕਿਹਾ, ''ਮੈਂ ਤਾਂ ਕੀਮਤ ਦੇਖ ਕੇ ਖੁਸ਼ੀ ਨਾਲ ਨੱਚ ਹੀ ਪਿਆ। ਮੈਂ ਮਾਮੂਲੀ ਪਿੱਠਭੂਮੀ ਤੋਂ ਆਉਂਦਾ ਹਾਂ ਤੇ ਮੇਰੇ ਪਿਤਾ ਕਿਸਾਨ ਹਨ। ਮੈਂ ਜਾਣਦਾ ਹਾਂ ਕਿ ਇਕ ਕਬੱਡੀ ਖਿਡਾਰੀ ਬਣਨਾ ਕਿੰਨਾ ਮੁਸ਼ਕਿਲ ਕੰਮ ਹੈ। ਮੈਂ ਤੇਲਗੂ ਟਾਈਟਨਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਸ ਨੇ ਮੇਰੀ ਪ੍ਰਤਿਭਾ 'ਤੇ ਭਰੋਸਾ ਕੀਤਾ। ਮੈਂ ਹੁਣ ਪੂਰੀ ਕੋਸ਼ਿਸ਼ ਕਰਾਂਗਾ ਕਿ ਆਪਣੀ ਟੀਮ ਲਈ ਸੌ ਫੀਸਦੀ ਪ੍ਰਦਰਸ਼ਨ ਕਰਾਂ।''


Gurdeep Singh

Content Editor

Related News