ਆਸਟਰੇਲੀਆ ’ਚ ਪਹਿਲਾ ਡੇ-ਨਾਈਟ ਟੈਸਟ ਖੇਡੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ
Thursday, May 20, 2021 - 02:17 PM (IST)
ਸਪੋਰਟਸ ਡੈਸਕ : ਭਾਰਤੀ ਮਹਿਲਾ ਕ੍ਰਿਕਟ ਟੀਮ ਸਤੰਬਰ ’ਚ ਆਸਟਰੇਲੀਆ ਦਾ ਦੌਰਾ ਕਰੇਗੀ। ਇਸ ਦੌਰਾਨ ਭਾਰਤੀ ਮਹਿਲਾ ਟੀਮ ਆਪਣਾ ਪਹਿਲਾ ਡੇ-ਨਾਈਟ ਟੈਸਟ ਖੇਡੇਗੀ। ਇਸ ਗੱਲ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਦਿੱਤੀ ਹੈ। ਇਕ ਨਿਊਜ਼ ਚੈਨਲ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਇਕੋ-ਇਕ ਟੈਸਟ ਮੈਚ ਦੋ-ਪੱਖੀ ਸੀਰੀਜ਼ ਦੇ ਹਿੱਸੇ ਦੇ ਰੂਪ ’ਚ ਹੋਵੇਗਾ, ਜਿਸ ’ਚ ਇਕ ਸਫ਼ੈਦ ਗੇਂਦ ਵਾਲੇ ਮੈਚ ਦੀ ਵੀ ਉਮੀਦ ਹੈ, ਜਿਸ ਸਬੰਧੀ ਐਲਾਨ ਕ੍ਰਿਕਟ ਆਸਟਰੇਲੀਆ ਜਾਂ ਬੀ. ਸੀ. ਸੀ. ਆਈ. ਵੱਲੋਂ ਕੀਤਾ ਜਾਣਾ ਬਾਕੀ ਹੈ। ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਭਾਰਤੀ ਮਹਿਲਾ ਟੀਮ ਦੇ ਡੇ-ਨਾਈਟ ਟੈਸਟ ਮੈਚ ਦੀ ਜਾਣਕਾਰੀ ਦਿੰਦਿਆਂ ਕਿਹਾ, ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਸਾਲ ਦੇ ਅੰਤ ’ਚ ਆਸਟਰੇਲੀਆ ਦੌਰੇ ’ਤੇ ਆਪਣੇ ਪਹਿਲੇ ਦਿਨ-ਰਾਤ ਦੇ ਟੈਸਟ ’ਚ ਹਿੱਸਾ ਲਵੇਗੀ। ਉਨ੍ਹਾਂ ਟਵਿਟਰ ਹੈਂਡਲ ’ਤੇ ਇਹ ਐਲਾਨ ਕਰਦਿਆਂ ਕਿਹਾ ਕਿ ਇਹ ਕਦਮ ਖਿਡਾਰੀਆਂ ਦੀ ਖੇਡ ਨੂੰ ਬੜ੍ਹਾਵਾ ਦੇਣ ਲਈ ਬੀ. ਸੀ. ਸੀ. ਆਈ. ਦੀ ਪ੍ਰਤੀਬੱਧਤਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਕ੍ਰਿਕਟ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਮੈਨੂੰ ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਟੀਮ ਇੰਡੀਆ ਇਸ ਸਾਲ ਦੇ ਅੰਤ ’ਚ ਆਸਟ੍ਰੇਲੀਆ ’ਚ ਆਪਣਾ ਪਹਿਲਾ ਗੁਲਾਬੀ ਗੇਂਦ ਵਾਲਾ ਡੇ-ਨਾਈਟ ਟੈਸਟ ਖੇਡੇਗੀ।
Taking forward our commitment towards women's cricket, I am extremely pleased to announce that Team India @BCCIwomen will play in their first-ever pink ball day-night Test later this year in Australia.
— Jay Shah (@JayShah) May 20, 2021
ਇਸ ਦੌਰੇ ਦੌਰਾਨ ਵਨਡੇ ਤੇ ਟੀ-20 ਇੰਟਰਨੈਸ਼ਨਲ ਮੈਚ ਵੀ ਖੇਡੇ ਜਾਣਗੇ ਪਰ ਇਸ ਲਈ ਅਜੇ ਤਕ ਸ਼ਡਿਊਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਟੀਮ ਨੇ ਆਸਟਰੇਲੀਆ ਖਿਲਾਫ਼ ਆਖਰੀ ਟੈਸਟ ਮੈਚ ਸਾਲ 2006 ’ਚ ਖੇਡਿਆ ਸੀ। ਇੰਨਾ ਹੀ ਨਹੀਂ, ਭਾਰਤ ਤੇ ਆਸਟਰੇਲੀਆ ਦਰਮਿਆਨ ਖੇਡਿਆ ਜਾਣ ਵਾਲਾ ਪਿੰਕ ਗੇਂਦ ਵਾਲਾ ਟੈਸਟ ਦੂਸਰਾ ਮੈਚ ਹੋਵੇਗਾ। ਪਹਿਲਾ ਪਿੰਕ ਬਾਲ ਮਹਿਲਾ ਟੈਸਟ ਆਸਟਰੇਲੀਆ ਤੇ ਇੰਗਲੈਂਡ ਦਰਮਿਆਨ ਨਵੰਬਰ 2017 ’ਚ ਸਿਡਨੀ ’ਚ ਖੇਡਿਆ ਗਿਆ ਸੀ।