ਭਾਰਤੀ ਟੀਮ ਆਇਰਲੈਂਡ ’ਚ 3 ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਖੇਡੇਗੀ
Saturday, Mar 18, 2023 - 02:43 PM (IST)
ਡਬਲਿਨ– ਭਾਰਤੀ ਕ੍ਰਿਕਟ ਟੀਮ 3 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਲਈ ਇਸ ਸਾਲ ਅਗਸਤ ’ਚ ਆਇਰਲੈਂਡ ਦਾ ਦੌਰਾ ਕਰੇਗੀ। ਇਹ ਜਾਣਕਾਰੀ ਕ੍ਰਿਕਟ ਆਇਰਲੈਂਡ ਨੇ ਦਿੱਤੀ। ਕ੍ਰਿਕਟ ਆਇਰਲੈਂਡ ਨੇ ਕਿਹਾ, ‘‘ਆਇਰਲੈਂਡ ਦੇ ਕ੍ਰਿਕਟ ਪ੍ਰਸ਼ੰਸਕ ਦੁਨੀਆ ਦੀ ਨੰਬਰ-1 ਟੀ-20 ਕੌਮਾਂਤਰੀ ਟੀਮ ਭਾਰਤ ਨੂੰ ਦੇਖਣ ਦਾ ਮਜ਼ਾ ਚੁੱਕ ਸਕਣਗੇ ਜਦੋਂ ਏਸ਼ੀਆ ਦੇ ਚੋਟੀ ਦੇ ਖਿਡਾਰੀ ਇਸ ਸਾਲ ਅਗਸਤ ਵਿਚ 3 ਮੈਚਾਂ ਦੀ ਟੀ-20 ਲੜੀ ਲਈ ਮਾਲਾਹਾਈਡ ਆਉਣਗੇ।’’
ਭਾਰਤੀ ਟੀ-20 ਟੀਮ ਦੇ ਨਵੇਂ ਕਪਤਾਨ ਹਾਰਦਿਕ ਪੰਡਯਾ ਨੇ ਪਿਛਲੇ ਸਾਲ ਇਸ ਸਥਾਨ ’ਤੇ ਦੋ ਮੈਚਾਂ ਦੀ ਲੜੀ ਦੌਰਾਨ ਟੀਮ ਦੀ ਅਗਵਾਈ ਕੀਤੀ ਸੀ। ਭਾਰਤ ਨੂੰ ਆਪਣੀ ਘਰੇਲੂ ਧਰਤੀ ’ਤੇ ਇਸ ਸਾਲ ਵਨ ਡੇ ਵਿਸ਼ਵ ਕੱਪ ਖੇਡਣਾ ਹੈ, ਅਜਿਹੇ ਵਿਚ ਇਹ ਦੇਖਣਾ ਹੋਵੇਗਾ ਕਿ ਕੀ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਹਾਰਦਿਕ ਨੂੰ ਇਕ ਅਜਿਹੀ ਲੜੀ ’ਚ ਖੇਡਣ ਦਾ ਜ਼ੋਖਿਮ ਚੁੱਕੇਗਾ, ਜਿਸ ਦਾ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਮਾਮਲੇ ’ਚ ਕੋਈ ਖਾਸ ਮਹੱਤਵ ਨਹੀਂ ਹੋਵੇਗਾ। ਇਹ ਲੜੀ ਹਾਲਾਂਕਿ ਆਇਰਲੈਂਡ ਕ੍ਰਿਕਟ ਬੋਰਡ ਲਈ ਕਾਫੀ ਮਾਇਨੇ ਰੱਖਦੀ ਹੈ ਕਿਉਂਕਿ ਇਸ ਦੇ ਪ੍ਰਸਾਰਣ ਮਾਲੀਆ ਨਾਲ ਉਸਦੀ ਵਿੱਤੀ ਸਥਿਤੀ ਬਿਹਤਰ ਹੋਵੇਗੀ। ਇਸ ਲੜੀ ਦਾ ਆਯੋਜਨ 18 ਤੋਂ 23 ਅਗਸਤ ਤਕ ਹੋਵੇਗਾ।