ਵੈਸਟਇੰਡੀਜ਼ ਖਿਲਾਫ ਸੀਰੀਜ਼ ''ਤੇ ਕਬਜ਼ਾ ਕਰਨ ਲਈ ਉਤਰੇਗੀ ਭਾਰਤੀ ਟੀਮ
Thursday, Jul 06, 2017 - 01:33 AM (IST)

ਕਿੰਗਸਟਨ— ਭਾਰਤੀ ਕ੍ਰਿਕਟ ਟੀਮ ਦਾ ਵੈਸਟਇੰਡੀਜ਼ ਦੌਰਾ ਹੁਣ ਤੱਕ ਮੌਜ ਮਸਤੀ ਨਾਲ ਭਰਿਆ ਰਿਹਾ ਤੇ ਉਸ ਨੇ ਆਸਾਨੀ ਨਾਲ ਪਿਛਲੇ ਮੈਚ ਜਿੱਤ ਕੇ ਬੜ੍ਹਤ ਵੀ ਬਣਾ ਲਈ ਸੀ ਪਰ ਚੌਥੇ ਵਨ ਡੇ ਵਿਚ ਟੀਮ ਛੋਟੇ ਟੀਚੇ ਦਾ ਪਿੱਛਾ ਵੀ ਨਹੀਂ ਕਰ ਸਕੀ, ਜਿਸ ਤੋਂ ਬਾਅਦ ਉਸ ਨੂੰ ਵੀਰਵਾਰ ਨੂੰ ਸਬੀਨਾ ਪਾਰਕ ਵਿਚ ਖੇਡੇ ਜਾਣ ਵਾਲੇ ਫੈਸਲਾਕੁੰਨ ਮੈਚ ਵਿਚ ਸੀਰੀਜ਼ 'ਤੇ ਕਬਜ਼ਾ ਕਰਨ ਲਈ ਜ਼ੋਰ ਲਾਉਣਾ ਪਵੇਗਾ।
ਭਾਰਤੀ ਟੀਮ 5 ਵਨ ਡੇ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਬੜ੍ਹਤ 'ਤੇ ਸੀ ਪਰ ਮੇਜ਼ਬਾਨ ਕੈਰੇਬੀਆਈ ਟੀਮ ਨੇ ਉਸ ਨੂੰ ਚੌਥੇ ਮੈਚ ਵਿਚ ਉਲਟਫੇਰ ਦਾ ਸ਼ਿਕਾਰ ਬਣਾ ਦਿੱਤਾ। ਵੈਸਟਇੰਡੀਜ਼ ਕੋਲ ਹੁਣ ਆਖਰੀ ਮੈਚ ਨੂੰ ਜਿੱਤ ਕੇ ਜਿੱਥੇ ਸੀਰੀਜ਼ 2-2 ਨਾਲ ਡਰਾਅ ਕਰਾਉਣ ਤੇ ਆਪਣੀ ਹਾਰ ਟਾਲਣ ਦਾ ਮੌਕਾ ਹੈ, ਉਥੇ ਹੀ ਵਿਰਾਟ ਕੋਹਲੀ ਐਂਡ ਕੰਪਨੀ ਨੂੰ ਸੀਰੀਜ਼ 'ਤੇ ਕਬਜ਼ਾ ਕਰਨ ਲਈ ਆਖਰੀ ਮੈਚ ਨੂੰ ਹਰ ਹਾਲ ਵਿਚ ਜਿੱਤਣਾ ਪਵੇਗਾ।
ਟੀਮ ਇੰਡੀਆ ਦਾ ਹੁਣ ਤੱਕ ਸੀਰੀਜ਼ ਵਿਚ ਪ੍ਰਦਰਸ਼ਨ ਚੰਗਾ ਰਿਹਾ ਹੈ ਤੇ ਪਹਿਲਾ ਮੈਚ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਉਸ ਨੇ ਦੂਜੇ ਤੇ ਤੀਜੇ ਮੈਚ ਨੂੰ 105 ਤੇ 93 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਹੈ ਪਰ ਪਿਛਲੇ ਮੈਚ ਵਿਚ ਵੈਸਟਇੰਡੀਜ਼ ਨੂੰ 189 ਦੌੜਾਂ ਦੇ ਨਿੱਜੀ ਸਕੋਰ 'ਤੇ ਰੋਕਣ ਦੇ ਬਾਵਜੂਦ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਇਸ ਕਦਰ ਨਿਰਾਸ਼ ਕੀਤਾ ਕਿ ਉਹ ਆਸਾਨ ਟੀਚੇ ਦੇ ਸਾਹਮਣੇ ਦੋ ਗੇਂਦਾਂ ਪਹਿਲਾਂ ਹੀ 178 ਦੌੜਾਂ 'ਤੇ ਢੇਰ ਹੋ ਕੇ 11 ਦੌੜਾਂ ਨਾਲ ਮੈਚ ਗੁਆ ਬੈਠੀ।
ਭਾਰਤ ਦੇ ਬੱਲੇਬਾਜ਼ੀ ਕੋਚ ਸੰਜੇ ਬਾਂਗੜ ਤੇ ਕਪਤਾਨ ਵਿਰਾਟ ਨੇ ਇਸ ਮੈਚ ਵਿਚ ਹਾਰ ਲਈ ਟੀਮ ਦੇ ਬੱਲੇਬਾਜ਼ਾਂ ਨੂੰ ਕਾਫੀ ਲਤਾੜਿਆ ਸੀ ਤੇ ਖਾਸ ਤੌਰ 'ਤੇ ਉਨ੍ਹਾਂ ਦੀ ਚੋਣ ਸ਼ਾਟ ਦੀ ਸਖਤ ਸ਼ਬਦਾਂ ਵਿਚ ਨਿੰਦਾ ਵੀ ਕੀਤੀ ਸੀ। ਵੈਸੇ ਖੁਦ ਕਪਤਾਨ ਨੇ ਵੀ ਦੂਜੇ ਵਨ ਡੇ ਵਿਚ 87 ਦੌੜਾਂ ਦੀ ਪਾਰੀ ਤੋਂ ਬਾਅਦ ਤੀਜੇ ਤੇ ਚੌਥੇ ਮੈਚ ਵਿਚ 11 ਤੇ 3 ਦੌੜਾਂ ਦੀਆਂ ਪਾਰੀਆਂ ਹੀ ਖੇਡੀਆਂ ਸਨ। ਉਥੇ ਹੀ ਧਵਨ ਨੇ ਇਨ੍ਹਾਂ ਦੋ ਮੈਚਾਂ ਵਿਚ 2 ਤੇ 5 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ।
ਦੂਜੇ ਪਾਸੇ ਵੈਸਟਇੰਡੀਜ਼ ਟੀਮ ਨੇ ਭਾਵੇਂ ਹੀ ਹੁਣ ਤੱਕ ਖਾਸ ਪ੍ਰਦਰਸ਼ਨ ਨਾ ਕੀਤਾ ਹੋਵੇ ਪਰ ਪਿਛਲਾ ਮੈਚ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਆਤਮਵਿਸ਼ਵਾਸ ਪਰਤਿਆ ਹੈ ਤੇ ਉਹ ਸੀਰੀਜ਼ ਵਿਚ ਹਾਰ ਟਾਲਣ ਦੀ ਕੋਸ਼ਿਸ਼ ਜ਼ਰੂਰ ਕਰੇਗੀ। ਕਪਤਾਨ ਜੇਸਨ ਹੋਲਡਰ ਦੀ 27 ਦੌੜਾਂ 'ਤੇ ਪੰਜ ਵਿਕਟਾਂ ਦੀ ਘਾਤਕ ਗੇਂਦਬਾਜ਼ੀ ਨੇ ਜਿਸ ਤਰ੍ਹਾਂ ਮੈਚ ਨੂੰ ਪਲਟਿਆ ਸੀ, ਉਸ ਤੋਂ ਬਾਅਦ ਭਾਰਤ ਨੂੰ ਚੌਕਸ ਰਹਿਣਾ ਪਵੇਗਾ।