ਆਸਟਰੇਲੀਆ ਖ਼ਿਲਾਫ਼ ਇਤਿਹਾਸਕ ਟੈਸਟ ਸੀਰੀਜ਼ ਜਿੱਤ ਨੂੰ ਲੈ ਕੇ ICC ਨੇ ਹੁਣ ਕੀਤਾ ਵੱਡਾ ਫ਼ੈਸਲਾ

Tuesday, Jun 08, 2021 - 09:03 PM (IST)

ਆਸਟਰੇਲੀਆ ਖ਼ਿਲਾਫ਼ ਇਤਿਹਾਸਕ ਟੈਸਟ ਸੀਰੀਜ਼ ਜਿੱਤ ਨੂੰ ਲੈ ਕੇ ICC ਨੇ ਹੁਣ ਕੀਤਾ ਵੱਡਾ ਫ਼ੈਸਲਾ

ਸਪੋਰਟਸ ਡੈਸਕ : ਟੀਮ ਇੰਡੀਆ ਨੇ 2020-21 ’ਚ ਆਸਟਰੇਲੀਆ ’ਚ 4 ਮੈਚਾਂ ਦੀ ਟੈਸਟ ਸੀਰੀਜ਼ ਜਿੱਤ ਕੇ ਇਤਿਹਾਸ ਰਚਿਆ ਸੀ। ਭਾਰਤੀ ਟੀਮ ਐਡੀਲੇਡ ’ਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਬੁਰੀ ਤਰ੍ਹਾਂ ਹਾਰ ਗਈ ਸੀ। ਇਸ ਤੋਂ ਬਾਅਦ ਉਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੈਲਬੋਰਨ ਅਤੇ ਬ੍ਰਿਸਬੇਨ ’ਚ ਆਸਟਰੇਲੀਆ ਨੂੰ ਹਰਾਇਆ। ਟੀਮ ਇੰਡੀਆ ਲਈ ਇਹ ਲੜੀ ਕਈ ਪੱਖੋਂ ਯਾਦਗਾਰੀ ਰਹੀ। ਹੁਣ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਇਸ ਲੜੀ ਨੂੰ ਲੈ ਕੇ ਵੱਡਾ ਫੈਸਲਾ ਦਿੱਤਾ ਹੈ।

ਆਈ. ਸੀ. ਸੀ. ਨੇ ਇਸ ਲੜੀ ਨੂੰ ਕ੍ਰਿਕਟ ਇਤਿਹਾਸ ਦੀ ‘ਦਿ ਅਲਟੀਮੇਟ ਟੈਸਟ ਸੀਰੀਜ਼’ ਦੱਸਿਆ ਹੈ। ਇਹ ਫੈਸਲਾ ਵੋਟਾਂ ਰਾਹੀਂ ਕੀਤਾ ਗਿਆ ਸੀ। ਦਰਅਸਲ, ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਆਈ. ਸੀ. ਸੀ. ਨੇ ਦਿ ਅਲਟੀਮੇਟ ਟੈਸਟ ਸੀਰੀਜ਼ ਨਾਮੀ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ’ਚ 16 ਸੀਰੀਜ਼ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ। ਇਸ ’ਚ 1999 ’ਚ ਆਸਟਰੇਲੀਆ-ਵੈਸਟਇੰਡੀਜ਼ ਦਰਮਿਆਨ ਖੇਡੀ ਗਈ ਟੈਸਟ ਸੀਰੀਜ਼, 2005 ’ਚ ਖੇਡੀ ਗਈ ਏਸ਼ੇਜ਼ ਲੜੀ, 2008-09 ’ਚ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੀ ਗਈ ਟੈਸਟ ਸੀਰੀਜ਼ ਸ਼ਾਮਲ ਸੀ ਪਰ ਇਹ ਸਾਰੀਆਂ ਲੜੀਆਂ ਬਾਰਡਰ-ਗਾਵਸਕਰ ਟਰਾਫੀ 2020-21 ਤੋਂ ਹਾਰ ਗਈਆਂ। ਇਸ ਲੜੀ ਨੂੰ 7 ਮਿਲੀਅਨ ਤੋਂ ਵੱਧ ਵੋਟਾਂ ਪ੍ਰਾਪਤ ਹੋਈਆਂ।

2-1 ਨਾਲ ਭਾਰਤ ਨੇ ਜਿੱਤੀ ਸੀ ਟੈਸਟ ਸੀਰੀਜ਼
ਆਸਟਰੇਲੀਆ ਖ਼ਿਲਾਫ਼ 4 ਮੈਚਾਂ ਦੀ ਟੈਸਟ ਸੀਰੀਜ਼ ਭਾਰਤ ਲਈ ਚੁਣੌਤੀਆਂ ਨਾਲ ਭਰੀ ਹੋਈ ਸੀ। ਟੀਮ ਇੰਡੀਆ ਨੂੰ ਐਡੀਲੇਡ ’ਚ ਸ਼ਰਮਨਾਕ ਹਾਰ ਮਿਲੀ ਸੀ। ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਆਪਣੇ ਬੱਚੇ ਦੇ ਜਨਮ ਲਈ ਘਰ ਪਰਤਿਆ। ਇਥੋਂ ਫਿਰ ਕਪਤਾਨੀ ਦੀ ਜ਼ਿੰਮੇਵਾਰੀ ਅਜਿੰਕਯ ਰਹਾਨੇ ਕੋਲ ਆ ਗਈ। ਉਸ ਨੇ ਮੈਲਬੋਰਨ ’ਚ ਖੇਡੇ ਗਏ ਦੂਜੇ ਟੈਸਟ ਮੈਚ ’ਚ ਸੈਂਕੜਾ ਜੜ ਕੇ ਟੀਮ ਇੰਡੀਆ ਨੂੰ ਸੀਰੀਜ਼ ’ਚ ਵਾਪਸੀ ਦਿਵਾਈ। ਇਸ ਤੋਂ ਬਾਅਦ ਟੀਮ ਇੰਡੀਆ ਨੇ ਉਹੀ ਕੀਤਾ, ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਰਿਸ਼ਭ ਪੰਤ, ਹਨੁਮਾ ਵਿਹਾਰੀ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ, ਟੀ. ਨਟਰਾਜਨ ਵਰਗੇ ਨੌਜਵਾਨ ਖਿਡਾਰੀ ਇਸ ਲੜੀ ਦੇ ਹੀਰੋ ਸਨ। ਉਨ੍ਹਾਂ ਨੇ ਟੀਮ ਇੰਡੀਆ ਲਈ ਸੀਰੀਜ਼ ਜਿੱਤਣ ’ਚ ਅਹਿਮ ਭੂਮਿਕਾ ਨਿਭਾਈ।

 


author

Manoj

Content Editor

Related News