ਮਹਿਲਾ ਮੁੱਕੇਬਾਜ਼ਾਂ ਦੀ ਚੋਣ ਨਾ ਹੋਣ ''ਤੇ ਹਾਈ ਕੋਰਟ ਨੇ ਦਖ਼ਲ ਦੇਣ ਤੋਂ ਕੀਤਾ ਇਨਕਾਰ
Tuesday, Mar 14, 2023 - 08:54 PM (IST)
ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਤਿੰਨ ਰਾਸ਼ਟਰੀ ਚੈਂਪੀਅਨ ਮੁੱਕੇਬਾਜ਼ਾਂ ਮੰਜੂ ਰਾਣੀ, ਸ਼ਿਕਸ਼ਾ ਨਰਵਾਲ ਅਤੇ ਪੂਨਮ ਪੂਨੀਆ ਦੀ ਚੋਣ ਨਾ ਕਰਨ 'ਤੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ।
ਜਸਟਿਸ ਪ੍ਰਤਿਭਾ ਐੱਮ ਸਿੰਘ ਨੇ ਕਿਹਾ ਕਿ ਖਿਡਾਰੀਆਂ ਦੇ ਮੈਡਲਾਂ ਦੀ ਗਿਣਤੀ ਅਤੇ ਮੁਲਾਂਕਣ ਸਰਟੀਫਿਕੇਟਾਂ ਦੀ ਜਾਂਚ ਕਰਨ ਤੋਂ ਬਾਅਦ ਖੇਡ ਮੁਕਾਬਲੇ ਲਈ ਚੁਣੇ ਗਏ ਮੁੱਕੇਬਾਜ਼ਾਂ ਦੀ ਸੂਚੀ ਵਿੱਚ ਦਖਲ ਦੇਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਉਂਦਾ ਅਤੇ ਪਟੀਸ਼ਨਰ ਚੈਂਪੀਅਨਸ਼ਿਪ 'ਚ ਰਿਜ਼ਰਵ ਖਿਡਾਰੀਆਂ ਦੀ ਸੂਚੀ ਵਿੱਚ ਬਣੇ ਰਹਿਣਗੇ।
ਜੱਜ ਨੇ ਕਿਹਾ, “ਅਦਾਲਤ ਨੇ ਨੋਟਿਸ ਕੀਤਾ ਹੈ ਕਿ ਇਸ ਰਿੱਟ ਪਟੀਸ਼ਨ ਵਿੱਚ ਦਖਲਅੰਦਾਜ਼ੀ ਦੀ ਗੁੰਜਾਇਸ਼ ਸੀਮਤ ਹੈ। ਅਦਾਲਤ ਨੇ ਮੁਲਾਂਕਣ ਸਰਟੀਫਿਕੇਟਾਂ ਅਤੇ ਮੈਡਲਾਂ ਦੀ ਗਿਣਤੀ ਦਾ ਵੀ ਅਧਿਐਨ ਕੀਤਾ। ਇਹ ਧਾਰਾ 226 ਦੇ ਤਹਿਤ ਦਖਲ ਦਾ ਮਾਮਲਾ ਨਹੀਂ ਹੈ। ਜਿਸ ਟੀਮ ਦੀ ਚੋਣ ਕੀਤੀ ਗਈ ਹੈ, ਉਸ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਦੀ ਇਜਾਜ਼ਤ ਹੈ।” ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 15 ਤੋਂ 31 ਮਾਰਚ ਤੱਕ ਦਿੱਲੀ ਵਿੱਚ ਹੋਣੀ ਹੈ।