ਸਟੇਡੀਅਮ ਨੂੰ ਦਰਸ਼ਕਾਂ ਨਾਲ ਭਰਨ ਲਈ ਜਰਮਨੀ ਦਾ ਕਲੱਬ ਕਰੇਗਾ 20 ਹਜ਼ਾਰ ਪ੍ਰਸ਼ੰਸਕਾਂ ਦੀ ਮੁਫਤ ਕੋਰੋਨਾ ਜਾਂਚ
Saturday, Jul 11, 2020 - 11:47 PM (IST)
ਬਰਲਿਨ– ਜਰਮਨੀ ਦਾ ਫੁੱਟਬਾਲ ਕਲੱਬ ਯੂਨੀਅਨ ਬਰਲਿਨ ਸਤੰਬਰ ਵਿਚ ਦਰਸ਼ਕਾਂ ਨਾਲ ਭਰੇ ਹੋਏ ਸਟੇਡੀਅਮ ਵਿਚ ਮੈਚ ਕਰਵਾਉਣਾ ਚਾਹੁੰਦਾ ਹੈ ਤੇ ਇਸਦੇ ਤਹਿਤ ਉਹ 20,000 ਤੋਂ ਵੱਧ ਪ੍ਰਸ਼ੰਸਕਾਂ ਦੀ ਮੁਫਤ ਕੋਰੋਨਾ ਜਾਂਚ ਦੀ ਪੇਸ਼ਕਸ਼ ਕਰ ਰਿਹਾ ਹੈ। ਯੂਨੀਅਨ ਬਰਲਿਨ ਨੇ ਕਿਹਾ ਕਿ ਇਹ ਬੁੰਦੇਸਲੀਗਾ ਕਲੱਬ ਹਰੇਕ ਮੈਚ ਤੋਂ ਪਹਿਲਾਂ 20,012 ਪ੍ਰਸ਼ੰਸਕਾਂ (ਸਟੇਡੀਅਮ ਦੀ ਵੱਧ ਤੋਂ ਵੱਧ ਸਮਰਥਾ) ਤੇ ਕਲੱਬ ਦੇ ਸਟਾਫ ਦੇ ਟੈਸਟ ਦੀ ਪੇਸ਼ਕਸ਼ ਕਰੇਗਾ।
ਕਲੱਬ ਨੇ ਕਿਹਾ ਕਿ ਮੈਚ ਸ਼ੁਰੂ ਹੋਣ ਤੋਂ 24 ਘੰਟੇ ਪਹਿਲਾਂ ਸਟੇਡੀਅਮ ਵਿਚ ਐਂਟਰੀ ਕਰਨ ਵਾਲੇ ਹਰ ਵਿਅਕਤੀ ਦਾ ਵਾਇਰਸ ਲਈ ਟੈਸਟ ਨੈਗੇਟਿਵ ਆਉਣਾ ਚਾਹੀਦਾ ਹੈ ਤੇ ਟਿਕਟ ਦੇ ਨਾਲ ਜਾਂਚ ਦੇ ਨਤੀਜੇ ਨੂੰ ਵੀ ਨਾਲ ਲਿਆਉਣਾ ਪਵੇਗਾ। ਕਲੱਬ ਨਵੇਂ ਸੈਸ਼ਨ ਦੇ ਘਰੇਲੂ ਲੀਗ ਦੇ ਪਹਿਲੇ ਮੈਚ ਲਈ ਸਮੇਂ 'ਤੇ ਇਸ ਯੋਜਨਾ ਨੂੰ ਲਾਗੂ ਕਰਨਾ ਚਾਹੁੰਦਾ ਹੈ। ਹੋਰਨਾਂ ਕਲੱਬਾਂ ਨੇ ਸਮਾਜਿਕ ਦੂਰੀ ਨਾਲ ਸੀਟ 'ਤੇ ਬੈਠਣ ਦਾ ਪ੍ਰਯੋਗ ਕੀਤਾ ਹੈ ਪਰ ਯੂਨੀਅਨ ਦੇ ਕਲੱਬ ਵਿਚ ਛੱਤ ਵੀ ਹੈ, ਜਿੱਥੇ ਦਰਸ਼ਕਾਂ ਨੂੰ ਇਕੱਠੇ ਬੈਠਣਾ ਪਵੇਗਾ।