ਬੰਬ ਹੋਣ ਦੀ ਖਬਰ ਕਾਰਨ ਏਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਦਾ ਪਹਿਲਾ ਰਾਊਂਡ ਰੱਦ

02/20/2019 10:21:15 PM

ਮਾਸਕੋ (ਰੂਸ) (ਨਿਕਲੇਸ਼ ਜੈਨ)- ਦੁਨੀਆ ਦੇ ਸਭ ਤੋਂ ਵੱਕਾਰੀ ਸ਼ਤਰੰਜ ਟੂਰਨਾਮੈਂਟ ਵਿਚੋਂ ਇਕ ਏਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਦਾ ਪਹਿਲਾ ਰਾਊਂਡ ਸ਼ੁਰੂ ਹੋਣ ਦੇ 45 ਮਿੰਟ ਅੰਦਰ ਹੀ ਬੰਬ ਦੀ ਖਬਰ ਹੋਣ ਕਾਰਨ ਰੱਦ ਕਰ ਦਿੱਤਾ ਗਿਆ। ਅਸਲ ਵਿਚ ਕੱਲ ਰੂਸ ਦੀ ਰਾਜਧਾਨੀ ਮਾਸਕੋ ਵਿਚ ਕਈ ਜਨਤਕ ਥਾਵਾਂ ਤੇ ਹੋਟਲ 'ਚ ਬੰਬ ਹੋਣ ਦੀ ਸੂਚਨਾ ਸ਼ੱਕੀ ਫੋਨ ਕਾਲ ਦੇ ਜ਼ਰੀਏ ਦਿੱਤੀ ਗਈ। ਮਾਸਕੋ ਦੇ ਕੇਂਦਰ ਵਿਚ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਹੋਟਲ ਵਿਚ ਗਿਣੇ ਜਾਣ ਵਾਲੇ ਕਾਸਮਾਸ ਹੋਟਲ ਵਿਚ ਬੰਬ ਹੋਣ ਦੀ ਜਾਣਕਾਰੀ ਮਿਲੀ। ਇਸ ਕਾਰਨ ਰੂਸੀ ਇੰਟੈਲੀਜੈਂਸ ਸਰਵਿਸਿਜ਼ ਵਲੋਂ ਤੁਰੰਤ ਸਾਵਧਾਨੀ ਵਰਤਦੇ ਹੋਏ ਸਾਰੇ ਲੋਕਾਂ ਨੂੰ ਹੋਟਲ 'ਚੋਂ ਬਾਹਰ ਇਕ ਸਕੂਲ ਵਿਚ ਲਿਜਾਇਆ ਗਿਆ।
ਹਰਕਤ 'ਚ ਆਇਆ ਸ਼ਤਰੰਜ ਸੰਘ ਅਤੇ ਭਾਰਤ ਦੀ ਅੰਬੈਸੀ : ਜਿਵੇਂ ਹੀ ਭਾਰਤੀ ਸ਼ਤਰੰਜ ਸੰਘ ਨੂੰ ਇਸ ਬਾਰੇ ਖਬਰ ਮਿਲੀ ਤਾਂ ਉਨ੍ਹਾਂ ਤੁਰੰਤ ਭਾਰਤੀ ਅੰਬੈਸੀ ਨਾਲ ਸੰਪਰਕ ਸਥਾਪਿਤ ਕਰਦੇ ਹੋਏ ਖਿਡਾਰੀਆਂ ਦੀ ਸੁਰੱਖਿਆ ਪੱਕੀ ਕੀਤੀ। ਜਿਵੇਂ ਹੀ ਰੂਸੀ ਅਧਿਕਾਰੀਆਂ ਨੇ ਹੋਟਲ ਨੂੰ ਸੁਰੱਖਿਅਤ ਐਲਾਨਿਆ, ਉਵੇਂ ਹੀ ਖਿਡਾਰੀਆਂ ਨੂੰ ਵਾਪਸ ਹੋਟਲ ਲਿਜਾਇਆ ਗਿਆ। ਭਾਰਤੀ ਅੰਬੈਸੀ ਦੇ ਅਧਿਕਾਰੀ ਵੀ ਦੇਰ ਰਾਤ ਤੱਕ ਹੋਟਲ ਵਿਚ ਰਹਿ ਕੇ ਸਥਿਤੀ ਨੂੰ ਆਮ ਕਰਨ ਵਿਚ ਮਦਦ ਕਰਦੇ ਦਿਸੇ।
ਮੁਸ਼ਕਲ ਦੌਰ 'ਚ ਵੀ ਖੇਡ ਦਾ ਮਜ਼ਾ ਲੈਂਦੇ ਦਿਸੇ ਖਿਡਾਰੀ : ਸ਼ਤਰੰਜ ਖੇਡ ਦੀ ਖਾਸੀਅਤ ਇਹੀ ਹੈ ਕਿ ਇਸ ਨੂੰ ਖੇਡਣ ਵਾਲਿਆਂ ਨੂੰ ਸਿਰਫ 1 ਛੋਟੇ ਜਿਹੇ ਬੋਰਡ ਦੀ ਜ਼ਰੂਰਤ ਹੁੰਦੀ ਹੈ। ਇਹੀ ਹੋਇਆ -1 ਦੇ ਤਾਪਮਾਨ ਵਿਚ ਖਿਡਾਰੀ ਹੋਟਲ 'ਚੋਂ ਬਾਹਰ ਖੇਡਦੇ ਹੋਏ ਸਮਾਂ ਬਿਤਾਉਂਦੇ ਨਜ਼ਰ ਆਏ। ਅਸਲ ਵਿਚ ਖਿਡਾਰੀਆਂ ਨੂੰ ਬੰਬ ਹੋਣ ਦੀ ਧਮਕੀ ਕਾਰਨ ਲਗਭਗ 4.5 ਘੰਟੇ ਹੌਟ 'ਚੋਂ ਬਾਹਰ ਰਹਿਣਾ ਪਿਆ।


Gurdeep Singh

Content Editor

Related News