ਇੰਗਲੈਂਡ ਦੀ ਮਹਿਲਾ ਟੀਮ ਨੇ ਬੋਰਡ ਇਲੈਵਨ ਨੂੰ ਹਰਾਇਆ
Monday, Feb 18, 2019 - 11:09 PM (IST)

ਮੁੰਬਈ- ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਆਪਣੇ ਭਾਰਤ ਦੌਰੇ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਭਾਰਤੀ ਬੋਰਡ ਪ੍ਰੈਜ਼ੀਡੈਂਟ ਮਹਿਲਾ ਇਲੈਵਨ ਟੀਮ ਨੂੰ ਵਨ ਡੇ ਅਭਿਆਸ ਮੈਚ ਵਿਚ ਸੋਮਵਾਰ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ 49 ਓਵਰਾਂ ਵਿਚ 154 ਦੌੜਾਂ 'ਤੇ ਸਿਮਟ ਗਈ ਸੀ ਜਦਕਿ ਇੰਗਲੈਂਡ ਨੇ 37.3 ਓਵਰਾਂ ਵਿਚ 8 ਵਿਕਟਾਂ 'ਤੇ 157 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਭਾਰਤ ਤੇ ਇੰਗਲੈਂਡ ਦੀਆਂ ਮਹਿਲਾ ਟੀਮਾਂ ਵਿਚਾਲੇ ਤਿੰਨ ਵਨ ਡੇ ਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ 22 ਫਰਵਰੀ ਤੋਂ ਸ਼ੁਰੂ ਹੋਵੇਗੀ। 3 ਵਨ ਡੇ ਮੁੰਬਈ 'ਚ 22, 25 ਤੇ 28 ਫਰਵਰੀ ਨੂੰ ਹੋਵੇਗਾ ਜਦਕਿ 3 ਟੀ-20 ਚਾਰ, ਸੱਤ ਤੇ ਨੌ ਮਾਰਚ ਨੂੰ ਗੁਹਾਟੀ 'ਚ ਖੇਡਿਆ ਜਾਵੇਗਾ। ਭਾਰਤੀ ਬੱਲੇਬਾਜ਼ਾਂ ਨੇ ਮੈਚ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਅੱਠਵੇਂ ਨੰਬਰ ਦੀ ਬੱਲੇਬਾਜ਼ ਮੀਨੂ ਮਣਿ ਨੇ 28 ਦੌੜਾਂ ਬਣਾਈਆ। ਭਾਰਤੀ ਫੁਲਮਾਲੀ ਨੇ 23, ਹਰਲੀਨ ਦੇਓਲ ਨੇ 21 ਤੇ ਕਪਤਾਨ ਕਪਤਾਨ ਸਮ੍ਰਿਤੀ ਮੰਧਾਨਾ ਨੇ 19 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਵਲੋਂ ਤੇਜ਼ ਗੇਂਦਬਾਜ਼ ਅਨਿਆ ਸ਼ਬਸੋਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 30 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ।