RCB ਨੂੰ ਲੱਗਾ ਵੱਡਾ ਝਟਕਾ, ਇਹ ਦੋ ਖਿਡਾਰੀ ਹੋਏ ਆਈ. ਪੀ. ਐੱਲ. ’ਚੋਂ ਬਾਹਰ

04/26/2021 12:28:51 PM

ਸਪੋਰਟਸ ਡੈਸਕ : ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਟੀਮ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਟੀਮ ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਤੇ ਲੈੱਗ ਸਪਿਨਰ ਐਡਮ ਜ਼ਾਂਪਾ ਆਈ. ਪੀ. ਐੱਲ. ’ਚੋਂ ਬਾਹਰ ਹੋ ਗਏ ਹਨ। ਰਿਚਰਡਸਨ ਤੇ ਜ਼ਾਂਪਾ ਨੇ ਨਿੱਜੀ ਕਾਰਨਾਂ ਕਰਕੇ ਆਸਟ੍ਰੇਲੀਆ ਪਰਤਣ ਦਾ ਫੈਸਲਾ ਲਿਆ ਹੈ। ਆਰ. ਸੀ. ਬੀ. ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਆਰ. ਸੀ. ਬੀ. ਨੇ ਲਿਖਿਆ, ‘‘ਐਡਮ ਜ਼ਾਂਪਾ ਤੇ ਕੇਨ ਰਿਚਰਡਸਨ ਨਿੱਜੀ ਕਾਰਨਾਂ ਕਰਕੇ ਆਸਟ੍ਰੇਲੀਆ ਪਰਤ ਰਹੇ ਹਨ। ਉਹ ਆਈ. ਪੀ. ਐੱਲ. 2021 ’ਚ ਬਾਕੀ ਮੈਚਾਂ ਲਈ ਮੁਹੱਈਆ ਨਹੀਂ ਹੋਣਗੇ। ਆਰ. ਸੀ.ਬੀ. ਮੈਨੇਜਮੈਂਟ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਦਿਆਂ ਉਨ੍ਹਾਂ ਦਾ ਪੂਰਾ ਸਮਰਥਨ ਕਰਨ ਦੀ ਪੇਸ਼ਕਸ਼ ਕਰਦੀ ਹੈ।’’

 

29 ਸਾਲ ਦੇ ਲੈੱਗ ਸਪਿਨਰ ਐਡਮ ਜ਼ਾਂਪਾ ਨੂੰ ਇਸ ਸੀਜ਼ਨ ’ਚ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਜ਼ਾਂਪਾ ਨੇ ਪਿਛਲੇ ਸੀਜ਼ਨ ’ਚ ਆਰ. ਸੀ. ਬੀ. ਦੇ ਲਈ 3 ਮੈਚ ਖੇਡੇ ਸਨ। ਇਸ ਦੌਰਾਨ ਉਸ ਦੇ ਖਾਤੇ ’ਚ ਸਿਰਫ 2 ਵਿਕਟਾਂ ਆਈਆਂ। ਇਸ ਤੋਂ ਪਹਿਲਾਂ ਉਹ ਆਈ. ਪੀ. ਐੱਲ. 2016 ਤੇ 2017 ’ਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦਾ ਹਿੱਸਾ ਸੀ। ਪੁਣੇ ਲਈ ਖੇਡਦਿਆਂ ਜ਼ਾਂਪਾ ਨੇ 11 ਮੈਚਾਂ ’ਚ 19 ਵਿਕਟਾਂ ਲਈਆਂ ਸਨ।

ਉਥੇ ਹੀ 30 ਸਾਲਾ ਗੇਂਦਬਾਜ਼ ਕੇਨ ਰਿਚਰਡਸਨ ਨੂੰ ਇਸ ਸੀਜ਼ਨ ’ਚ ਇਕ ਮੈਚ ਖੇਡਣ ਦਾ ਮੌਕਾ ਮਿਲਿਆ ਸੀ, ਜਿਸ ’ਚ ਉਸ ਨੂੰ 29 ਦੌੜਾਂ ਦੇ ਕੇ ਇਕ ਸਫਲਤਾ ਮਿਲੀ। ਰਿਚਰਡਸਨ ਨੂੰ ਆਰ. ਸੀ. ਬੀ. ਨੇ ਆਈ. ਪੀ. ਐੱਲ. 2020 ਦੀ ਨੀਲਾਮੀ ’ਚ 4 ਕਰੋੜ ਰੁਪਏ ’ਚ ਖਰੀਦਿਆ ਸੀ। ਹਾਲਾਂਕਿ ਰਿਚਰਡਸਨ ਨੇ ਨਿੱਜੀ ਕਾਰਨਾਂ ਕਰਕੇ ਸੰਯੁਕਤ ਅਰਬ ਅਮੀਰਾਤ ’ਚ ਹੋਏ ਆਈ. ਪੀ. ਐੱਲ. ਤੋਂ ਨਾਂ ਵਾਪਸ ਲੈ ਲਿਆ ਸੀ, ਜਿਸ ਤੋਂ ਬਾਅਦ ਆਰ. ਸੀ. ਬੀ. ਨੇ ਐਡਮ ਜ਼ਾਂਪਾ ਨੂੰ ਆਪਣੇ ਨਾਲ ਜੋੜਿਆ ਸੀ।
ਆਰ. ਸੀ. ਬੀ. ਲਈ ਇਸ ਵਾਰ ਦਾ ਸੀਜ਼ਨ ਕਾਫ਼ੀ ਸ਼ਾਨਦਾਰ ਰਿਹਾ ਹੈ। ਉਸ ਨੇ 5 ਮੈਚਾਂ ’ਚੋਂ 4 ਮੁਕਾਬਲੇ ਜਿੱਤੇ ਹਨ ਤੇ ਉਹ ਅੰਕ ਸੂਚੀ ’ਚ ਤੀਸਰੇ ਸਥਾਨ ’ਤੇ ਹੈ। ਆਰ. ਸੀ. ਬੀ. ਦਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਦਿੱਲੀ ਕੈਪੀਟਲਸ ਨਾਲ ਹੋਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ।


Manoj

Content Editor

Related News