ਬੰਗਲਾਦੇਸ਼-ਸਕਾਟਲੈਂਡ ਦੇ ਮੈਚ ਨਾਲ ਹੋਵੇਗਾ ਟੀ-20 ਵਿਸ਼ਵ ਕੱਪ ਦਾ ਆਗਾਜ਼
Sunday, Oct 17, 2021 - 11:09 AM (IST)
ਮਸਕਟ– ਇੰਡੀਅਨ ਪ੍ਰੀਮੀਅਰ ਲੀਗ ( ਆਈ. ਪੀ. ਐੱਲ.)-2021 ਦੀ ਸਮਾਪਤੀ ਤੋਂ ਬਾਅਦ ਹੁਣ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਕੌਂਸਲ) ਪੁਰਸ਼ ਟੀ-20 ਵਿਸ਼ਵ ਕੱਪ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਣ ਲਈ ਤਿਆਰ ਹੈ। ਬੰਗਲਾਦੇਸ਼ ਤੇ ਸਕਾਟਲੈਂਡ ਵਿਚਾਲੇ ਇੱਥੇ ਐਤਵਾਰ ਨੂੰ ਰਾਊਂਡ-1 ਦੇ ਪਹਿਲੇ ਮੈਚ ਦੇ ਨਾਲ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦਾ ਸ਼ਾਨਦਾਰ ਆਗਾਜ਼ ਹੋਵੇਗਾ। ਬੰਗਲਾਦੇਸ਼ ਕੁਆਲੀਫਾਇਰ ਰਾਊਂਡ ਵਿਚ ਸਕਾਟਲੈਂਡ, ਓਮਾਨ ਤੇ ਪਾਪੂਆ ਨਿਊ ਗਿਨੀ ਦੇ ਨਾਲ ਗਰੁੱਪ-ਬੀ ਵਿਚ ਹੈ ਤੇ ਸੁਪਰ-12 ਗੇੜ ਲਈ ਖਾਲੀ ਚਾਰ ਸਥਾਨਾਂ ਵਿਚੋਂ ਇਕ ’ਤੇ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ 'ਚ ਹੈ। ਜਦਕਿ ਗਰੁੱਪ-ਏ ਵਿਚ ਸ਼੍ਰੀਲੰਕਾ ਪਸੰਦੀਦਾ ਟੀਮ ਮੰਨੀ ਜਾ ਰਹੀ ਹੈ।
ਇਇਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਭਾਰਤ ਵਲੋਂ ਆਯੋਜਿਤ ਕੀਤੇ ਗਏ ਟੀ-20 ਟੂਰਨਾਮੈਂਟਾਂ ਵਿਚ ਚੀਜ਼ਾਂ ਬੰਗਲਾਦੇਸ਼ ਦੇ ਪੱਖ ਵਿਚ ਨਹੀਂ ਰਹੀਆਂ ਹਨ। ਉਹ ਕਿਸੇ ਵੀ ਟੂਰਨਾਮੈਂਟ ਦੇ ਨਾਕਆਊਟ ਗੇੜ ਤਕ ਨਹੀਂ ਪਹੁੰਚ ਸਕੀ ਹੈ, ਹਾਲਾਂਕਿ ਉਸ ਦੇ ਹਾਲੀਆ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸ ਨੂੰ ਸਿਹਰਾ ਦੇਣਾ ਬਣਦਾ ਹੈ ਤੇ ਉਸ ਨੂੰ ਹੁਣ ਛੋਟੀ-ਮੋਟੀ ਟੀਮ ਵੀ ਨਹੀਂ ਕਿਹਾ ਜਾ ਸਕਦਾ, ਜਿਵੇਂ ਪਹਿਲਾਂ ਕਿਹਾ ਜਾਂਦਾ ਸੀ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਇਸ ਸੈਸ਼ਨ ਵਿਚ 9 ਟੀ-20 ਕੌਮਾਂਤਰੀ ਮੈਚ ਜਿੱਤੇ ਹਨ, ਜਿਨ੍ਹਾਂ ਵਿਚ ਆਸਟਰੇਲੀਆ ਤੇ ਨਿਊਜ਼ੀਲੈਂਡ ਵਿਰੁੱਧ ਘਰੇਲੂ ਟੀ-20 ਸੀਰੀਜ਼ ਜਿੱਤਣਾ ਸ਼ਾਮਲ ਹੈ ਤੇ ਇਹ ਉਸਦੇ ਕੁਆਲਿਟੀ ਟੀਮ ਬਣਨ ਦਾ ਸਬੂਤ ਹੈ। ਕ੍ਰਿਕਟ ਦੇ ਸਭ ਤੋਂ ਛੋਟੇ ਸਵਰੂਪ ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੰਗਲਾਦੇਸ਼ ਆਈ. ਸੀ. ਸੀ. ਟੀ-20 ਰੈਂਕਿੰਗ ਵਿਚ ਆਸਟਰੇਲੀਆ, ਵੈਸਟਇੰਡੀਜ਼ ਤੇ ਅਫਗਾਨਿਸਤਾਨ ਵਰਗੀਆਂ ਟੀਮਾਂ ਤੋਂ ਉੱਪਰ ਛੇਵੇਂ ਸਥਾਨ ’ਤੇ ਪਹੁੰਚੀ ਹੈ।