2021 ਵਿਚ ਓਲੰਪਿਕ ਖੇਡਾਂ ਦਾ ਹੋਵੇਗਾ ਆਯੋਜਨ
Thursday, Jul 09, 2020 - 08:05 PM (IST)
ਟੋਕੀਓ– ਟੋਕੀਓ ਓਲੰਪਿਕ ਦੇ ਆਯੋਜਕਾਂ ਨੂੰ ਪੂਰੀ ਉਮੀਦ ਹੈ ਕਿ ਕੋਰੋਨਾ ਵਾਇਰਸ ਦੇ ਕਾਰਣ ਇਕ ਸਾਲ ਲਈ ਮੁਲਤਵੀ ਕੀਤੀਆਂ ਗਈਆਂ ਓਲੰਪਿਕ ਖੇਡਾਂ 2020 ਦਾ ਅਗਲੇ ਸਾਲ ਆਯੋਜਨ ਹੋਵੇਗਾ। ਆਯੋਜਕਾਂ ਵਲੋਂ ਇਹ ਬਿਆਨ ਇਸ ਲਈ ਆਇਆ ਹੈ ਕਿਉਂਕਿ ਹਾਲ ਹੀ ਵਿਚ ਜਾਪਾਨ ਵਿਚ ਕਰਵਾਏ ਗਏ ਇਕ ਸਰਵੇ ਅਨੁਸਾਰ 77 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਗਲੇ ਸਾਲ ਇਨ੍ਹਾਂ ਖੇਡਾਂ ਦਾ ਆਯੋਜਨ ਹੋ ਸਕੇਗਾ।
ਜਾਪਾਨ ਨਿਊਜ਼ ਨੈੱਟਵਰਕ ਵਲੋਂ ਕਰਵਾਏ ਗਏ ਇਕ ਸਰਵੇ ਦੇ ਅਨੁਸਾਰ ਕੇਵਲ 17 ਫੀਸਦੀ ਭਾਗੀਦਾਰ ਨੂੰ ਲੱਗਦਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਅਗਲੇ ਸਾਲ ਟੋਕੀਓ ਓਲੰਪਿਕ ਖੇਡਾਂ ਨੂੰ ਕਰਵਾਇਆ ਜਾ ਸਕਦਾ ਹੈ। ਟੋਕੀਓ ਓਲੰਪਿਕ ਦੇ ਬੁਲਾਰੇ ਮਾਸਾ ਤਾਕਾਇਆ ਨੇ ਵੀਰਵਾਰ ਨੂੰ ਟੋਕੀਓ ਓਲੰਪਿਕ ਦੇ ਵਾਰੇ ’ਚ ਇਹ ਗੱਲ ਕਹੀ। ਟੋਕੀਓ ਸ਼ਹਿਰ ਦੀ ਸਰਕਾਰ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਇਕ ਦਿਨ ’ਚ ਰਿਕਾਰਡ 224 ਪਾਜ਼ੇਟਿਵ ਮਾਮਲੇ ਦਰਜ ਕੀਤੇ, ਜਿਸ ਨਾਲ ਅਪ੍ਰੈਲ ’ਚ 204 ਮਾਮਲਿਆਂ ਦਾ ਰਿਕਾਰਡ ਟੁੱਟ ਗਿਆ।