ਭੈਣ ਨਾਲ ਬੈਂਕ 'ਚ ਖਾਤਾ ਖੁੱਲ੍ਹਵਾਉਣ ਆਏ ਸਚਿਨ ਨੂੰ ਜਦੋਂ ਮਿਲਿਆ ਸੀ ਸਰਪ੍ਰਾਈਜ਼
Monday, Jul 13, 2020 - 08:14 PM (IST)
ਨਵੀਂ ਦਿੱਲੀ - ਅਜੀਤ ਵਾਡੇਕਰ ਅਜਿਹਾ ਪਹਿਲਾ ਕਪਤਾਨ ਹੈ, ਜਿਸ ਨੇ ਟੀਮ ਇੰਡੀਆ ਦੇ ਪਹਿਲੇ ਵਨ ਡੇ ਮੈਚ ਵਿਚ ਕਪਤਾਨੀ ਕੀਤੀ ਸੀ। ਜੁਲਾਈ 1974 ਵਿਚ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਗਏ ਇਸ ਮੈਚ ਵਿਚ ਉਸ ਨੇ ਬਤੌਰ ਕਪਤਾਨ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾਇਆ ਸੀ। ਵਾਡੇਕਰ 80 ਦੇ ਦਹਾਕੇ ਵਿਚ ਸਟੇਟ ਬੈਂਕ ਵਿਚ ਕੰਮ ਕਰਦਾ ਸੀ। ਉਸ ਸਮੇਂ ਜਿਹੜਾ ਵੀ ਗਾਹਕ ਨਵਾਂ ਖਾਤਾ ਖੁੱਲ੍ਹਵਾਉਣ ਆਉਂਦਾ ਸੀ, ਵਾਡੇਕਰ ਉਸ ਨੂੰ ਛੋਟਾ ਜਿਹਾ ਬੱਲਾ ਆਟੋਗ੍ਰਾਫ ਕਰਕੇ ਦਿੰਦਾ ਸੀ। ਇਸੇ ਕ੍ਰਮ ਵਿਚ ਇਕ ਵਾਰ ਸਚਿਨ ਤੇਂਦੁਲਕਰ ਆਪਣੀ ਭੈਣ ਸਵਿਤਾ ਦੇ ਨਾਲ ਬੈਂਕ ਪਹੁੰਚਿਆ। ਵਾਡੇਕਰ ਤਦ ਉਥੇ ਹੀ ਸੀ। ਉਸ ਨੇ ਬੱਲਾ ਸਾਈਨ ਕਰਕੇ ਸਚਿਨ ਦੇ ਹੱਥ ਵਿਚ ਦੇ ਦਿੱਤਾ। ਸਚਿਨ ਬੱਲਾ ਲੈ ਕੇ ਬੇਹੱਦ ਖੁਸ਼ ਸੀ। ਇਹ ਘਟਨਾ ਸਚਿਨ ਨੂੰ ਕ੍ਰਿਕਟ ਦੇ ਹੋਰ ਵੀ ਨੇੜੇ ਲੈ ਆਈ।
ਜ਼ਿਕਰਯੋਗ ਹੈ ਕਿ ਭਾਰਤ ਦੇ ਪਹਿਲੇ ਵਨ ਡੇ ਵਿਚ ਸੁਨੀਲ ਗਾਵਸਕਰ (28) ਤੇ ਐੱਸ. ਨਾਇਕ (18) ਨੇ ਓਪਨਿੰਗ ਬੱਲੇਬਾਜ਼ੀ ਕੀਤੀ ਸੀ। ਵਾਡੇਕਰ ਨੇ 67 ਤੇ ਬ੍ਰਜੇਸ਼ ਪਟੇਲ ਨੇ 82 ਦੌੜਾਂ ਬਣਾਈਆਂ। ਜਵਾਬ ਵਿਚ ਖੇਡੇਣ ਉਤਰੀ ਇੰਗਲੈਂਡ ਟੀਮ ਨੇ 52ਵੇਂ ਓਵਰ ਵਿਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇੰਗਲੈਂਡ ਵਲੋਂ ਜਾਨ ਐਡਰਿਕ ਦਾ ਬੱਲਾ ਚੱਲਿਆ। ਉਸ ਨੇ 90 ਦੌੜਾਂ ਬਣਾਈਆਂ। ਉਥੇ ਹੀ ਲੈਚਰ ਨੇ 39 ਤੇ ਗ੍ਰੇਗ ਨੇ 40 ਦੌੜਾਂ ਬਣਾਈਆਂ। ਭਾਰਤ ਵਲੋਂ ਪਹਿਲੀ ਵਨ ਡੇ ਵਿਕਟ ਏਕਨਾਥ ਸੋਲਕਰ ਨੂੰ ਮਿਲੀ ਸੀ। ਦੱਸ ਦਈਏ ਕਿ ਵਾਡੇਕਰ ਫਰਸਟ ਕਲਾਸ ਕ੍ਰਿਕਟ ਦਾ ਵੀ ਐਕਸਪਰਟ ਸੀ। ਉਹ ਮੁੰਬਈ ਵਲੋਂ 11 ਰਣਜੀ ਫਾਈਨਲ ਖੇਡ ਚੁੱਕਿਆ ਹੈ। ਉਸਦੇ ਅੱਗੇ ਸਿਰਫ ਅਸ਼ੋਕ ਮਾਕੰਡ (12) ਹੀ ਸੀ। ਵਾਡੇਕਰ ਉਹ ਪਹਿਲਾ ਵਿਅਕਤੀ ਹੈ, ਜਿਸ ਨੇ ਦਿਵਿਆਂਗਾਂ ਦੀ ਰਾਸ਼ਟਰੀ ਟੀਮ ਬਣਾਈ ਸੀ।