ਤੇਂਦੁਲਕਰ ਨੇ ਲਾਰਾ ਨੂੰ ਵੈਸਟਇੰਡੀਜ਼ ਦੀ ਜਿੱਤ ''ਤੇ ਦਿੱਤੀ ਵਧਾਈ

Wednesday, Sep 06, 2017 - 02:09 PM (IST)

ਲੰਡਨ— ਮਹਾਨ ਕੈਰੇਬੀਆਈ ਖਿਡਾਰੀ ਬ੍ਰਾਇਨ ਲਾਰਾ ਨੇ ਦੱਸਿਆ ਕਿ ਸਚਿਨ ਤੇਂਦੁਲਕਰ ਨੇ ਉਨ੍ਹਾਂ ਨੂੰ ਐੱਸ.ਐੱਮ.ਐੱਸ. ਭੇਜ ਕੇ ਇੰਗਲੈਂਡ 'ਤੇ ਦੂਜੇ ਟੈਸਟ 'ਚ ਵੈਸਟਇੰਡੀਜ਼ ਦੀ ਜਿੱਤ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਜਿੱਤ ਦੀ ਕ੍ਰਿਕਟ ਜਗਤ ਨੂੰ ਸਖਤ ਜ਼ਰੂਰਤ ਸੀ। ਵੈਸਟਇੰਡੀਜ਼ ਟੀਮ ਕੱਲ ਤੋਂ ਸ਼ੁਰੂ ਹੋ ਰਹੇ ਤੀਜੇ ਅਤੇ ਆਖ਼ਰੀ ਟੈਸਟ 'ਚ ਜਿੱਤ ਦਰਜ ਕਰਕੇ ਲੜੀ ਆਪਣੇ ਨਾਂ ਕਰਨਾ ਚਾਹੇਗੀ। ਜੇਕਰ ਉਹ ਅਜਿਹਾ ਕਰ ਸਕੀ ਤਾਂ 20 ਸਾਲਾਂ ਬਾਅਦ ਇੰਗਲੈਂਡ 'ਚ ਉਸ ਦੀ ਇਹ ਪਹਿਲੀ ਟੈਸਟ ਲੜੀ ਜਿੱਤ ਹੋਵੇਗੀ। 

ਪਹਿਲਾ ਟੈਸਟ ਇੰਗਲੈਂਡ ਨੇ ਤਿੰਨ ਦਿਨ ਦੇ ਅੰਦਰ ਪਾਰੀ ਅਤੇ 209 ਦੌੜਾਂ ਨਾਲ ਜਿੱਤ ਲਿਆ ਸੀ ਜਿਸ ਤੋਂ ਬਾਅਦ ਕ੍ਰਿਕਟ ਪੰਡਤਾਂ ਨੇ ਵੈਸਟਇੰਡੀਜ਼ ਦਾ ਬੋਰੀਆ-ਬਿਸਤਰਾ ਬੰਨ੍ਹ ਦਿੱਤਾ ਸੀ। ਦੂਜੇ ਟੈਸਟ 'ਚ ਚੌਥੀ ਪਾਰੀ 'ਚ ਜਿੱਤ ਦੇ ਲਈ 300 ਦੌੜਾਂ ਦਾ ਟੀਚਾ ਮਿਲਣ ਦੇ ਬਾਵਜੂਦ ਵੈਸਟਇੰਡੀਜ਼ ਨੇ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ। ਸ਼ਾਈ ਹੋਪ ਦੋਹਾਂ ਪਾਰੀਆਂ 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ। ਕੱਲ ਤੋਂ ਸ਼ੁਰੂ ਹੋ ਰਿਹਾ ਟੈਸਟ ਨਵੰਬਰ 'ਚ ਆਸਟਰੇਲੀਆ ਦੇ ਖਿਲਾਫ ਹੋਣ ਵਾਲੀ ਏਸ਼ੇਜ਼ ਲੜੀ ਤੋਂ ਪਹਿਲਾਂ ਇੰਗਲੈਂਡ ਦਾ ਆਖ਼ਰੀ ਟੈਸਟ ਹੈ।


Related News