ਟਾਟਾ ਸਟੀਲ ਮਾਸਟਰਸ ਸ਼ਤਰੰਜ : ਅਨੀਸ਼ ਗਿਰੀ ਨੇ ਬਣਾਈ ਸਿੰਗਲ ਬੜ੍ਹਤ
Friday, Jan 29, 2021 - 03:26 AM (IST)
ਵਿਜਕ ਆਨ ਜੀ (ਨੀਦਰਲੈਂਡ) (ਨਿਕਲੇਸ਼ ਜੈਨ)– ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ 10ਵੇਂ ਰਾਊਂਡ ਵਿਚ ਪੋਲੈਂਡ ਦੇ ਰਾਡੋਸਲਾਵ ਵੋਈਟਸਜੇਕ ਨੂੰ ਹਰਾਉਂਦੇ ਹੋਏ ਮੇਜ਼ਬਾਨ ਦੇਸ਼ ਦੇ ਨੰਬਰ ਇਕ ਖਿਡਾਰੀ ਅਨੀਸ਼ ਗਿਰੀ ਨੇ 7 ਅੰਕ ਬਣਾਉਂਦੇ ਹੋਏ ਸਿੰਗਲ ਬੜ੍ਹਤ ਕਾਇਮ ਕਰ ਲਈ ਹੈ। ਅਨੀਸ਼ ਨੇ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਲੰਡਨ ਸਿਸਟਮ ਓਪਨਿੰਗ ਵਿਚ 49 ਚਾਲਾਂ ਵਿਚ ਜਿੱਤ ਹਾਸਲ ਕੀਤੀ। ਇਕ ਹੋਰ ਸ਼ਾਨਦਾਰ ਜਿੱਤ ਨਾਂ ਰਹੀ ਰੂਸ ਦੇ 18 ਸਾਲਾ ਨੌਜਵਾਨ ਖਿਡਾਰੀ ਆਂਦ੍ਰੇ ਐਸੀਪੋਂਕੋ ਦੀ ਜਿਸ ਨੇ ਸਪੇਨ ਦੇ ਅੰਟੋਨ ਡੇਵਿਡ ਨੂੰ ਹਰਾਉਂਦੇ ਹੋਏ 6.5 ਅੰਕਾਂ ਨਾਲ, ਅਮਰੀਕਾ ਦੇ ਫਬਿਆਨੋ ਕਰੂਆਨਾ ਤੇ ਫਿਡੇ ਦੇ ਅਲੀਰੇਜਾ ਫਿਰੌਜਾ ਦੇ ਨਾਲ ਸਾਂਝੇ ਤੌਰ ’ਤੇ ਦੂਜਾ ਸਥਾਨ ਹਾਸਲ ਕਰ ਲਿਆ।
ਉਥੇ ਹੀ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੇ ਫਰਾਂਸ ਦੇ ਮੈਕਸਿਮ ਲਾਗ੍ਰੇਵ ਨੇ ਜਰਮਨੀ ਦੇ ਅਲੈਗਜੈਂਡਰ ਡੋਨਚੇਂਕੋ ਨੂੰ ਹਰਾਉਂਦੇ ਹੋਏ ਜਿੱਤ ਹਾਸਲ ਕੀਤੀ। ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਵਿਸ਼ਵ ਨੰਬਰ-2 ਫਬਿਆਨੋ ਕਰੂਆਨਾ ਨਾਲ ਡਰਾਅ ਖੇਡਿਆ। ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ ਨਾਰਵੇ ਦੇ ਆਰੀਅਨ ਤਾਰੀ ਨਾਲ ਆਪਣਾ ਮੁਕਾਬਲਾ ਡਰਾਅ ਖੇਡਿਆ। ਰਾਏ ਲੋਪੇਜ ਓਪਨਿੰਗ ਵਿਚ 53 ਚਾਲਾਂ ਤਕ ਕੋਸ਼ਿਸ਼ ਕਰਨ ਤੋਂ ਬਾਅਦ ਵੀ ਹਰਿਕ੍ਰਿਸ਼ਣਾ ਸਿਰਫ ਅੱਧਾ ਅੰਕ ਹੀ ਹਾਸਲ ਕਰ ਸਕਿਆ। ਹੋਰਨਾਂ ਮੁਕਾਬਲਿਆਂ ਵਿਚ ਪੋਲੈਂਡ ਦੇ ਜਾਨ ਡੂਡਾ ਨੇ ਨੀਦਰਲੈਂਡ ਦੇ ਵਾਨ ਫਾਰੈਸਟ ਨਾਲ, ਸਵੀਡਨ ਦੇ ਨਿਲਸ ਗ੍ਰਾਂਡੇਲਿਊਸ ਨੇ ਫਿਡੇ ਦੇ ਅਲੀਰੇਜਾ ਫਿਰੌਜ਼ਾ ਨਾਲ ਅੰਕ ਵੰਡੇ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।