ਤਾਨਿਆ ਹੇਮੰਤ ਨੇ ਜਿੱਤਿਆ ਸਾਈਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ
Sunday, Aug 17, 2025 - 02:44 PM (IST)

ਸਾਈਪਨ (ਉੱਤਰੀ ਮਾਰੀਆਨਾ ਦੀਪ ਸਮੂਹ)- ਭਾਰਤੀ ਸ਼ਟਲਰ ਤਾਨਿਆ ਹੇਮੰਤ ਨੇ ਸ਼ਨੀਵਾਰ ਨੂੰ ਸਾਈਪਨ ਇੰਟਰਨੈਸ਼ਨਲ 2025 ਬੈਡਮਿੰਟਨ ਟੂਰਨਾਮੈਂਟ ’ਚ ਮਹਿਲਾ ਸਿੰਗਲ ਦਾ ਖਿਤਾਬ ਜਿੱਤ ਲਿਆ। ਉੱਤਰੀ ਮਾਰੀਆਨਾ ਦੀਪ ਸਮੂਹ ਦੇ ਓਲੇਈ ਸਪੋਰਟਸ ਕੰਪਲੈਕਸ ’ਚ ਖੇਡੇ ਮੁਕਾਬਲੇ ’ਚ ਬੈਡਮਿੰਟਨ ਰੈਂਕਿੰਗ ’ਚ 86ਵੇਂ ਸਥਾਨ ’ਤੇ ਅਤੇ ਟੂਰਨਾਮੈਂਟ ’ਚ ਚੋਟੀ ਦਾ ਦਰਜਾ ਪ੍ਰਾਪਤ 21 ਸਾਲਾ ਤਾਨਿਆ ਹੇਮੰਤ ਨੇ ਫਾਈਨਲ ’ਚ ਗੈਰ-ਦਰਜਾ ਪ੍ਰਾਪਤ ਜਾਪਾਨ ਦੀ ਕਾਨਾਏ ਸਕਾਈ ਨੂੰ 15-10, 15-8 ਨਾਲ ਹਰਾਇਆ। ਇਹ ਤਾਨਿਆ ਹੇਮੰਤ ਦਾ ਚੌਥਾ ਅੰਤਰਰਾਸ਼ਟਰੀ ਸੀਰੀਜ਼ ਖਿਤਾਬ ਸੀ।
ਉਸ ਨੇ ਇੰਡੀਆ ਇੰਟਰਨੈਸ਼ਨਲ 2022 ਟੂਰਨਾਮੈਂਟ, 2023 ’ਚ ਈਰਾਨ ਫਜਰ ਇੰਟਰਨੈਸ਼ਨਲ ਅਤੇ 2024 ’ਚ ਬੇਂਡੀਗੋ ਇੰਟਰਨੈਸ਼ਨਲ ਜਿੱਤਿਆ। ਉਹ ਪਿਛਲੇ ਸਾਲ ਅਜ਼ਰਬੈਜਾਨ ਇੰਟਰਨੈਸ਼ਨਲ ਦੇ ਫਾਈਨਲ ’ਚ ਵੀ ਪਹੁੰਚੀ ਸੀ ਪਰ ਹਮਵਤਨੀ ਮਾਲਵਿਕਾ ਬੰਸੋੜ ਤੋਂ ਹਾਰ ਗਈ। ਇਸ ਤੋਂ ਪਹਿਲਾਂ, ਸਾਈਪਨ ਇੰਟਰਨੈਸ਼ਨਲ 2025 ਬੈਡਮਿੰਟਨ ਟੂਰਨਾਮੈਂਟ ’ਚ ਤਾਨਿਆ ਹੇਮੰਤ ਨੇ ਸੈਮੀਫਾਈਨਲ ’ਚ ਜਾਪਾਨ ਦੀ ਰਿਰੀਨਾ ਹਿਰਾਮੋਟੋ ਨੂੰ 15-10, 12-15, 15-8 ਨਾਲ, ਕੁਆਰਟਰ ਫਾਈਨਲ ’ਚ ਸਿੰਗਾਪੁਰ ਦੀ ਲੀ ਸ਼ਿਨ ਯੀ ਮੇਗਨ ਨੂੰ 14-16, 15-12, 15-9 ਨਾਲ ਅਤੇ ਸ਼ੁਰੂਆਤੀ ਰਾਊਂਡ ’ਚ ਬਾਈ ਮਿਲਣ ਤੋਂ ਬਾਅਦ ਰਾਊਂਡ ਆਫ 16 ’ਚ ਜਾਪਾਨ ਦੀ ਨੋਡੋਕਾ ਸੁਨਾਕਾਵਾ ਨੂੰ 4-15, 15-9, 15-7 ਨਾਲ ਹਰਾਇਆ। ਹੋਰ ਭਾਰਤੀ ਬੈਡਮਿੰਟਨ ਖਿਡਾਰੀਆਂ ’ਚ, ਨੈਸ਼ਾ ਭਟੋਏ, ਅਨੰਨਿਆ ਪ੍ਰਨੀਨ ਅਤੇ ਤਨਿਸ਼ਕ ਮਾਮਿਲਾ ਪੱਲੀ ਮਹਿਲਾ ਸਿੰਗਲ ਰਾਊਂਡ ਆਫ 16 ’ਚ ਹਾਰ ਕੇ ਬਾਹਰ ਹੋ ਗਈਆਂ, ਜਦੋਂਕਿ ਸ਼ਰਵੰਥ ਸਾਈ ਸੂਰੀ ਪੁਰਸ਼ ਸਿੰਗਲ ਰਾਊਂਡ ਆਫ 32 ’ਚ ਹਾਰ ਗਿਆ।