ਜੈਵਲਿਨ ਥ੍ਰੋਅ ਵਿੱਚ ਪ੍ਰਦੀਪ ਨੇ ਜਿੱਤਿਆ ਚਾਂਦੀ ਅਤੇ ਆਯੁਸ਼ ਨੇ ਜਿੱਤਿਆ ਕਾਂਸੀ ਦਾ ਤਗਮਾ

Tuesday, Oct 20, 2026 - 01:12 PM (IST)

ਜੈਵਲਿਨ ਥ੍ਰੋਅ ਵਿੱਚ ਪ੍ਰਦੀਪ ਨੇ ਜਿੱਤਿਆ ਚਾਂਦੀ ਅਤੇ ਆਯੁਸ਼ ਨੇ ਜਿੱਤਿਆ ਕਾਂਸੀ ਦਾ ਤਗਮਾ

ਨਾਗੋਆ : ਏਸ਼ੀਆਈ ਪੈਰਾ ਖੇਡਾਂ ਵਿੱਚ ਭਾਰਤ ਦੇ ਪ੍ਰਦੀਪ ਕੁਮਾਰ ਨੇ ਮਰਦਾਂ ਦੀ ਜੈਵਲਿਨ ਥ੍ਰੋ F53/F54 ਸਪਰਧਾ ਵਿੱਚ ਲਗਾਤਾਰ ਦੂਜਾ ਚਾਂਦੀ ਦਾ ਤਗਮਾ ਜਿੱਤਿਆ ਹੈ, ਜਦਕਿ ਭਾਰਤ ਦੇ ਹੀ ਆਯੁਸ਼ ਵਰਮਾ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। F54 ਸ਼੍ਰੇਣੀ ਵਿੱਚ ਪ੍ਰਦੀਪ ਨੇ 27.45 ਮੀਟਰ ਦਾ ਆਪਣੇ ਕਰੀਅਰ ਦਾ ਸਰਵੋਤਮ ਨਿੱਜੀ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤ। ਦੂਜੇ ਪਾਸੇ, ਆਯੁਸ਼ ਵਰਮਾ ਨੇ 17.88 ਮੀਟਰ ਦੇ ਥ੍ਰੋ ਨਾਲ F53 ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਸਪਰਧਾ ਵਿੱਚ ਈਰਾਨ ਦੇ ਇਰਫ਼ਾਨ ਬੰਦੋਰੀ ਨੇ 30.24 ਮੀਟਰ ਦੇ ਰਿਕਾਰਡ ਥ੍ਰੋ ਨਾਲ ਸੋਨ ਤਗਮਾ ਆਪਣੇ ਨਾਂ ਕੀਤਾ।

ਆਯੁਸ਼ ਦਾ ਥ੍ਰੋ ਥਾਈਲੈਂਡ ਦੇ ਸਹਰ ਦਮ ਯਾਏਨਾ (23.13 ਮੀਟਰ) ਨਾਲੋਂ ਘੱਟ ਸੀ, ਪਰ ਅਪਾਹਜਤਾ ਦੇ ਉੱਚ ਪੱਧਰ ਕਾਰਨ 'ਰਜ਼ਾ ਪੁਆਇੰਟ ਪ੍ਰਣਾਲੀ' ਹੇਠ ਵਧੇਰੇ ਅੰਕ ਮਿਲਣ ਕਰਕੇ ਉਹ ਤੀਜੇ ਸਥਾਨ 'ਤੇ ਰਹੇ। 'ਰਜ਼ਾ ਪੁਆਇੰਟ ਪ੍ਰਣਾਲੀ' ਇੱਕ ਅਜਿਹਾ ਤਰੀਕਾ ਹੈ ਜਿਸ ਰਾਹੀਂ ਵੱਖ-ਵੱਖ ਸ਼੍ਰੇਣੀਆਂ ਦੇ ਖਿਡਾਰੀਆਂ ਨੂੰ ਇੱਕੋ ਮੁਕਾਬਲੇ ਵਿੱਚ ਸ਼ਾਮਲ ਕਰਨ ਸਮੇਂ ਅਪਾਹਜਤਾ ਦੇ ਪੱਧਰ ਅਨੁਸਾਰ ਪ੍ਰਦਰਸ਼ਨ ਨੂੰ ਅੰਕਾਂ ਵਿੱਚ ਬਦਲਿਆ ਜਾਂਦਾ ਹੈ।

ਦੱਸਣਯੋਗ ਹੈ ਕਿ F53 ਸ਼੍ਰੇਣੀ ਦੇ ਐਥਲੀਟਾਂ ਦੀਆਂ ਬਾਹਾਂ ਅਤੇ ਹੱਥ ਪੂਰੀ ਤਰ੍ਹਾਂ ਕੰਮ ਕਰਦੇ ਹਨ, ਪਰ ਪੇਟ ਅਤੇ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਵਿੱਚ ਹਰਕਤ ਨਾ ਹੋਣ ਕਰਕੇ ਉਹ ਬਿਨਾਂ ਸਹਾਰੇ ਤੋਂ ਨਹੀਂ ਬੈਠ ਸਕਦੇ। ਜਦਕਿ F54 ਸ਼੍ਰੇਣੀ ਦੇ ਐਥਲੀਟਾਂ ਦੀਆਂ ਬਾਹਾਂ ਅਤੇ ਧੜ ਦੀਆਂ ਮਾਸਪੇਸ਼ੀਆਂ ਵਿੱਚ ਤਾਕਤ ਹੁੰਦੀ ਹੈ, ਪਰ ਪੈਰਾਂ ਅਤੇ ਧੜ ਦੇ ਵਿਚਕਾਰਲੇ ਹਿੱਸੇ ਦੀ ਹਰਕਤ ਪ੍ਰਭਾਵਿਤ ਹੁੰਦੀ ਹੈ।


author

Tarsem Singh

Content Editor

Related News