T20WC 2024 : ਨਿਊਜ਼ੀਲੈਂਡ ਨੇ ਹਾਸਲ ਕੀਤੀ ਟੂਰਨਾਮੈਂਟ ਦੀ ਪਹਿਲੀ ਜਿੱਤ, 32 ਗੇਂਦਾਂ ''ਚ ਹੀ ਯੁਗਾਂਡਾ ਨੂੰ ਹਰਾਇਆ

Saturday, Jun 15, 2024 - 05:17 PM (IST)

ਸਪੋਰਟਸ ਡੈਸਕ— ਟਿਮ ਸਾਊਥੀ ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਯੁਗਾਂਡਾ ਨੂੰ 88 ਗੇਂਦਾਂ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਹਰਾ ਕੇ ਆਪਣਾ ਪਹਿਲਾ ਟੀ-20 ਵਿਸ਼ਵ ਕੱਪ ਖਿਤਾਬ ਆਪਣੇ ਨਾਂ ਕਰ ਲਿਆ। ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੁਗਾਂਡਾ ਨੂੰ 18.4 ਓਵਰਾਂ 'ਚ 40 ਦੌੜਾਂ 'ਤੇ ਆਊਟ ਕਰ ਦਿੱਤਾ। ਜਵਾਬ 'ਚ ਨਿਊਜ਼ੀਲੈਂਡ ਨੇ ਸਿਰਫ 32 ਗੇਂਦਾਂ 'ਚ ਹੀ ਜਿੱਤ ਦਰਜ ਕੀਤੀ। ਯੁਗਾਂਡਾ ਨੇ ਪਿਛਲੇ ਹਫ਼ਤੇ ਵੈਸਟਇੰਡੀਜ਼ ਖ਼ਿਲਾਫ਼ 39 ਦੌੜਾਂ ਬਣਾਈਆਂ ਸਨ, ਜੋ ਟੀ-20 ਵਿਸ਼ਵ ਕੱਪ ਵਿੱਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਨਿਊਜ਼ੀਲੈਂਡ ਆਪਣੇ ਪਹਿਲੇ ਦੋ ਮੈਚ ਅਫਗਾਨਿਸਤਾਨ ਅਤੇ ਮੇਜ਼ਬਾਨ ਵੈਸਟਇੰਡੀਜ਼ ਤੋਂ ਹਾਰ ਗਿਆ ਸੀ, ਜਿਸ ਨਾਲ ਸੁਪਰ 8 ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਸਨ। ਪਿਛਲੇ 10 ਸਾਲਾਂ 'ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਨਿਊਜ਼ੀਲੈਂਡ ਦੀ ਟੀਮ ਕਿਸੇ ਵੀ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਹੀਂ ਪਹੁੰਚੇਗੀ।
ਅਜਿਹਾ ਰਿਹਾ ਮੁਕਾਬਲਾ 
ਯੁਗਾਂਡਾ ਵਲੋਂ ਕੇਨੇਥ ਵੈਸਵਾ ਨੇ ਸਭ ਤੋਂ ਵੱਧ 11 ਦੌੜਾਂ ਬਣਾਈਆਂ। ਉਹ ਯੁਗਾਂਡਾ ਤੋਂ ਦੋਹਰੇ ਅੰਕ ਤੱਕ ਪਹੁੰਚਣ ਵਾਲਾ ਇਕਮਾਤਰ ਬੱਲੇਬਾਜ਼ ਸੀ। ਨਿਊਜ਼ੀਲੈਂਡ ਲਈ ਤੇਜ਼ ਗੇਂਦਬਾਜ਼ ਸਾਊਥੀ ਨੇ 4 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਤੇਜ਼ ਗੇਂਦਬਾਜ਼ ਟ੍ਰੇਟ ਬੋਲਟ (2/7), ਸਪਿਨਰ ਮਿਸ਼ੇਲ ਸੈਂਟਨਰ (2/8) ਅਤੇ ਰਚਿਨ ਰਵਿੰਦਰਾ (2/9) ਨੇ ਦੋ-ਦੋ ਵਿਕਟਾਂ ਲਈਆਂ। ਨਿਊਜ਼ੀਲੈਂਡ ਨੇ 5.2 ਓਵਰਾਂ 'ਚ ਇਕ ਵਿਕਟ 'ਤੇ 41 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ 15 ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾ ਕੇ ਨਾਬਾਦ ਰਹੇ। ਯੁਗਾਂਡਾ ਦੀ ਟੀਮ ਇਕ ਵਾਰ ਟੀ-20 ਵਿਸ਼ਵ ਕੱਪ 'ਚ ਸਭ ਤੋਂ ਘੱਟ ਸਕੋਰ 'ਤੇ ਆਊਟ ਹੋਣ ਦੀ ਕਗਾਰ 'ਤੇ ਸੀ।
ਮੈਨ ਆਫ ਦਿ ਮੈਚ ਸਾਊਥੀ ਨੇ ਕਿਹਾ ਕਿ ਇਹ ਵਾਕਈ ਸ਼ਾਨਦਾਰ ਪ੍ਰਦਰਸ਼ਨ ਸੀ ਅਤੇ ਜਿੱਤ ਦਰਜ ਕਰਕੇ ਚੰਗਾ ਲੱਗਦਾ ਹੈ। ਟੂਰਨਾਮੈਂਟ ਤੋਂ ਬਾਹਰ ਹੋਣਾ ਬਹੁਤ ਨਿਰਾਸ਼ਾਜਨਕ ਹੈ। ਸਾਡੀ ਟੀਮ ਬਹੁਤ ਤਜ਼ਰਬੇਕਾਰ ਹੈ ਪਰ ਪਹਿਲੇ 2 ਮੈਚਾਂ 'ਚ ਅਸੀਂ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ। ਪਿਛਲੇ 10 ਸਾਲਾਂ ਵਿੱਚ ਵਿਸ਼ਵ ਕੱਪ ਵਿੱਚ ਸਾਡਾ ਸ਼ਾਨਦਾਰ ਰਿਕਾਰਡ ਰਿਹਾ ਹੈ ਜੋ ਹੁਣ ਖਤਮ ਹੋ ਗਿਆ ਹੈ।
ਯੁਗਾਂਡਾ ਦੇ ਬੱਲੇਬਾਜ਼ ਟੂਰਨਾਮੈਂਟ 'ਚ ਸੰਘਰਸ਼ ਕਰਦੇ ਨਜ਼ਰ ਆਏ। ਉਨ੍ਹਾਂ ਨੇ ਗਰੁੱਪ ਸੀ 'ਚ ਇਕ ਜਿੱਤ ਅਤੇ ਤਿੰਨ ਹਾਰਾਂ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ। ਯੁਗਾਂਡਾ ਦੇ ਕਪਤਾਨ ਬ੍ਰਾਇਨ ਮਸਾਬਾ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਵਧੀਆ ਅਨੁਭਵ ਰਿਹਾ। ਅਸੀਂ ਪਹਿਲੀ ਵਾਰ ਇਸ ਪੱਧਰ 'ਤੇ ਕ੍ਰਿਕਟ ਖੇਡੀ। ਇਸ ਨਾਲ ਸਾਡੇ ਦੇਸ਼ ਵਿੱਚ ਕ੍ਰਿਕਟ ਨੂੰ ਵਾਧਾ ਮਿਲੇਗਾ। ਪੂਰੇ ਦੇਸ਼ ਦੀ ਨਜ਼ਰ ਸਾਡੇ ਪ੍ਰਦਰਸ਼ਨ 'ਤੇ ਸੀ। ਉਮੀਦ ਹੈ ਕਿ ਇਹ ਸਾਡੇ ਲਈ ਅੱਗੇ ਵਧਣ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ।


Aarti dhillon

Content Editor

Related News