T20 WC : ਆਲੋਚਨਾਵਾਂ ਵਿਚਾਲੇ ਨਿਊਯਾਰਕ ਦੀ ਪਿੱਚ ''ਤੇ ਬੋਲੇ ਜਾਨਸਨ-ਇਸ ਨਾਲ ਮੁਕਾਬਲਾ ਬਰਾਬਰੀ ਦਾ ਬਣ ਜਾਂਦਾ ਹੈ
Wednesday, Jun 12, 2024 - 03:47 PM (IST)
ਨਿਊਯਾਰਕ— ਚੱਲ ਰਹੇ ਟੀ-20 ਵਿਸ਼ਵ ਕੱਪ 'ਚ ਨਾਸਾਓ ਕਾਊਂਟੀ ਗਰਾਊਂਡ ਦੀ ਪਿੱਚ ਦੀ ਕਾਫੀ ਆਲੋਚਨਾ ਹੋ ਰਹੀ ਹੈ ਪਰ ਕੈਨੇਡੀਅਨ ਸਲਾਮੀ ਬੱਲੇਬਾਜ਼ ਐਰੋਨ ਜਾਨਸਨ ਨੂੰ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਛੋਟੀਆਂ ਟੀਮਾਂ ਲਈ ਵੀ ਮੁਕਾਬਲਾ ਬਰਾਬਰੀ ਦਾ ਬਣਾ ਜਾਂਦਾ ਹੈ। ਜਾਨਸਨ ਨੇ ਮੰਗਲਵਾਰ ਨੂੰ ਪਾਕਿਸਤਾਨ ਖਿਲਾਫ 44 ਗੇਂਦਾਂ 'ਤੇ 52 ਦੌੜਾਂ ਬਣਾਈਆਂ, ਜੋ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਉਸ ਦਾ ਸਭ ਤੋਂ ਵੱਡਾ ਸਕੋਰ ਹੈ। ਹਾਲਾਂਕਿ ਉਨ੍ਹਾਂ ਦੀ ਟੀਮ ਜਿੱਤ ਦਰਜ ਨਹੀਂ ਕਰ ਸਕੀ। ਪਾਕਿਸਤਾਨ ਨੇ 107 ਦੌੜਾਂ ਦਾ ਟੀਚਾ ਹਾਸਲ ਕੀਤਾ ਅਤੇ ਇਸ ਮੈਦਾਨ 'ਤੇ ਸਭ ਤੋਂ ਵੱਧ ਟੀਚਾ ਹਾਸਲ ਕਰਨ ਵਾਲੀ ਟੀਮ ਬਣ ਗਈ। ਜਾਨਸਨ ਨੇ ਮੈਚ ਤੋਂ ਬਾਅਦ ਕਿਹਾ, 'ਮੈਂ ਇਹ ਨਹੀਂ ਕਹਾਂਗਾ ਕਿ ਇਹ ਸਭ ਤੋਂ ਵਧੀਆ ਪਿੱਚ ਹੈ। ਇਹ ਮੁਸ਼ਕਲ ਪਿੱਚ ਹੈ ਪਰ ਜਦੋਂ ਟੀ-20 ਕ੍ਰਿਕਟ ਸ਼ੁਰੂ ਹੋਈ ਤਾਂ 120 ਤੋਂ 130 ਦੌੜਾਂ ਦਾ ਸਕੋਰ ਚੰਗਾ ਮੰਨਿਆ ਜਾਂਦਾ ਸੀ।
ਉਨ੍ਹਾਂ ਨੇ ਕਿਹਾ, 'ਹੁਣ ਜਦੋਂ ਫਲੈਟ ਵਿਕਟਾਂ ਬਣਨੀਆਂ ਸ਼ੁਰੂ ਹੋ ਗਈਆਂ ਹਨ, ਟੀਮਾਂ 200 ਤੋਂ ਵੱਧ ਦੌੜਾਂ ਬਣਾ ਰਹੀਆਂ ਹਨ। ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਪਿੱਚ ਵੀ ਮੌਜੂਦ ਹੋਣੀ ਚਾਹੀਦੀ ਹੈ। ਇਸ ਨਾਲ ਮੁਕਾਬਲਾ ਬਰਾਬਰੀ ਦਾ ਹੋ ਜਾਂਦਾ ਹੈ ਅਤੇ ਸਾਡੇ ਕੋਲ ਨਾ ਸਿਰਫ ਪਾਕਿਸਤਾਨ ਦੇ ਖਿਲਾਫ ਸਗੋਂ ਹੋਰ ਟੀਮਾਂ ਖਿਲਾਫ ਵੀ ਮੌਕਾ ਹੈ।
ਜਾਨਸਨ ਨੇ ਪਾਕਿਸਤਾਨ ਦੇ ਮਜ਼ਬੂਤ ਗੇਂਦਬਾਜ਼ੀ ਹਮਲੇ ਦੇ ਸਾਹਮਣੇ ਕੈਨੇਡਾ ਨੂੰ ਹਮਲਾਵਰ ਸ਼ੁਰੂਆਤ ਦਿਵਾਈ। ਉਨ੍ਹਾਂ ਨੇ ਕਿਹਾ, 'ਅੰਤਰਰਾਸ਼ਟਰੀ ਕ੍ਰਿਕਟ 'ਚ ਇਹ ਮੇਰੀ ਸਰਵੋਤਮ ਪਾਰੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਦਾ ਤੇਜ਼ ਗੇਂਦਬਾਜ਼ੀ ਹਮਲਾ ਕਿੰਨਾ ਵਧੀਆ ਹੈ। ਇਹ ਮੇਰੀਆਂ ਦੋ ਸਰਵੋਤਮ ਪਾਰੀਆਂ ਵਿੱਚੋਂ ਇੱਕ ਹੈ।