ਟੀ20 ਵਿਸ਼ਵ ਕੱਪ : ਸਕਾਟਲੈਂਡ ਨੇ ਕੀਤਾ ਉਲਟਫੇਰ, ਵੈਸਟਇੰਡੀਜ਼ ਨੂੰ ਦਿੱਤੀ ਕਰਾਰੀ ਹਾਰ

Monday, Oct 17, 2022 - 03:15 PM (IST)

ਹੋਬਾਰਟ : ਜਾਰਜ ਮੰਸੀ ਦੇ ਅਰਧ ਸੈਂਕੜੇ (ਅਜੇਤੂ 66) ਅਤੇ ਮਾਰਕ ਵਾਟ (12/3) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਸਕਾਟਲੈਂਡ ਨੇ ਸੋਮਵਾਰ ਨੂੰ ਟੀ-20 ਵਿਸ਼ਵ ਕੱਪ 2022 ਦੇ ਸ਼ੁਰੂਆਤੀ ਦੌਰ ਵਿੱਚ ਵੈਸਟਇੰਡੀਜ਼ ਨੂੰ 42 ਦੌੜਾਂ ਨਾਲ ਹਰਾ ਕੇ ਉਲਟਫੇਰ ਕੀਤਾ। ਸਕਾਟਲੈਂਡ ਨੇ ਗਰੁੱਪ-ਬੀ ਦੇ ਮੈਚ 'ਚ ਮੰਸੀ ਦੀਆਂ 53 ਗੇਂਦਾਂ 'ਤੇ 9 ਚੌਕਿਆਂ ਦੀ ਮਦਦ ਨਾਲ 66 ਦੌੜਾਂ ਦੀ ਮਦਦ ਨਾਲ ਵੈਸਟਇੰਡੀਜ਼ ਨੂੰ 161 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ 'ਚ ਵੈਸਟਇੰਡੀਜ਼ ਦੀ ਟੀਮ 118 ਦੌੜਾਂ 'ਤੇ ਆਲ ਆਊਟ ਹੋ ਗਈ। ਜੇਸਨ ਹੋਲਡਰ ਨੇ 33 ਗੇਂਦਾਂ 'ਤੇ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 38 ਦੌੜਾਂ ਦੀ ਸੰਘਰਸ਼ਪੂਰਨ ਪਾਰੀ ਖੇਡੀ ਪਰ ਉਸ ਨੂੰ ਕਿਸੇ ਦਾ ਸਾਥ ਨਹੀਂ ਮਿਲਿਆ।

ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਸਕਾਟਲੈਂਡ ਨੇ ਪਾਰੀ ਦੀ ਜ਼ੋਰਦਾਰ ਸ਼ੁਰੂਆਤ ਕੀਤੀ। ਮੰਸੀ ਨੇ ਮਾਈਕਲ ਜੋਨਸ (20) ਨਾਲ ਮਿਲ ਕੇ ਪਹਿਲੀ ਵਿਕਟ ਲਈ 55 ਦੌੜਾਂ ਜੋੜੀਆਂ। ਇਸ ਤੋਂ ਬਾਅਦ ਕਪਤਾਨ ਰਿਚੀ ਬੇਰਿੰਗਟਨ (16), ਕੈਲਮ ਮੈਕਲਿਓਡ (23) ਅਤੇ ਕ੍ਰਿਸ ਗ੍ਰੀਵਜ਼ (16) ਨੇ ਮੰਸੀ ਦੇ ਨਾਲ ਮਿਲ ਕੇ ਸਕਾਟਲੈਂਡ ਨੂੰ 20 ਓਵਰਾਂ ਵਿੱਚ 160/5 ਦੇ ਸਕੋਰ ਤੱਕ ਪਹੁੰਚਾਇਆ। ਵੈਸਟਇੰਡੀਜ਼ ਲਈ ਜੇਸਨ ਹੋਲਡਰ ਨੇ ਤਿੰਨ ਓਵਰਾਂ ਵਿੱਚ 14 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਅਲਜ਼ਾਰੀ ਜੋਸੇਫ਼ ਨੇ ਚਾਰ ਓਵਰਾਂ ਵਿੱਚ 28 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਆਖਰੀ ਓਵਰ 'ਚ ਮੁਹੰਮਦ ਸ਼ੰਮੀ ਨੇ ਦਿਵਾਈ ਭਾਰਤ ਨੂੰ ਜਿੱਤ, ਆਸਟ੍ਰੇਲੀਆ ਨੂੰ 6 ਦੌੜਾਂ ਨਾਲ ਹਰਾਇਆ

ਚਾਰ ਓਵਰਾਂ ਵਿੱਚ 31 ਦੌੜਾਂ ਦੇਣ ਵਾਲੇ ਓਡਿਅਨ ਸਮਿਥ ਨੇ ਇੱਕ ਵਿਕਟ ਲਈ। 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਲਗਾਤਾਰ ਵਿਕਟਾਂ ਗੁਆਉਣ ਕਾਰਨ ਮੈਚ ਤੋਂ ਬਾਹਰ ਹੋ ਗਈ। ਕਾਇਲ ਮੇਅਰਸ (20), ਏਵਿਨ ਲੁਈਸ (14) ਅਤੇ ਬ੍ਰੈਂਡਨ ਕਿੰਗ (17) ਨੇ ਚੰਗੀ ਸ਼ੁਰੂਆਤ ਤੋਂ ਬਾਅਦ ਨਿਰਾਸ਼ਾਜਨਕ ਤੌਰ 'ਤੇ ਆਪਣੀਆਂ ਵਿਕਟਾਂ ਗੁਆ ਦਿੱਤੀਆਂ, ਜਦਕਿ ਕਪਤਾਨ ਨਿਕੋਲਸ ਪੂਰਨ ਚਾਰ ਦੌੜਾਂ ਬਣਾ ਕੇ ਆਊਟ ਹੋ ਗਏ। 

ਰੋਵਮੈਨ ਪਾਵੇਲ ਦੇ ਰੂਪ ਵਿਚ ਵੈਸਟਇੰਡੀਜ਼ ਦੀ ਪੰਜਵੀਂ ਵਿਕਟ ਡਿੱਗਣ ਤੋਂ ਬਾਅਦ ਕ੍ਰੀਜ਼ 'ਤੇ ਆਏ ਹੋਲਡਰ ਨੇ ਟੀਮ ਨੂੰ ਟੀਚੇ ਦੇ ਨੇੜੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਸ਼ਮਾਰਾਹ ਬਰੂਕਸ, ਅਕੀਲ ਹੁਸੈਨ, ਅਲਜ਼ਾਰੀ ਜੋਸੇਫ ਅਤੇ ਓਡਿਅਨ ਸਮਿਥ ਉਸ ਦਾ ਸਾਥ ਨਹੀਂ ਦੇ ਸਕੇ। ਪਾਰੀ ਦੇ 19ਵੇਂ ਓਵਰ ਵਿੱਚ ਜਿਵੇਂ ਹੀ ਹੋਲਡਰ ਦਾ ਵਿਕਟ ਡਿੱਗਿਆ, ਵੈਸਟਇੰਡੀਜ਼ ਦੀ ਪਾਰੀ ਦਾ ਅੰਤ ਹੋ ਗਿਆ ਅਤੇ ਸਕਾਟਲੈਂਡ ਨੇ ਇਹ ਮੈਚ 42 ਦੌੜਾਂ ਨਾਲ ਜਿੱਤ ਲਿਆ। ਮਾਰਕ ਵਾਟ ਨੇ ਚਾਰ ਓਵਰਾਂ ਵਿੱਚ 12 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਬ੍ਰੈਡ ਵੀਲ ਅਤੇ ਮਾਈਕਲ ਲੀਸਕ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਜਾਸ਼ ਡੇਵੀ ਅਤੇ ਸਫ਼ਯਾਨ ਸ਼ਰੀਫ਼ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News