T20 WC : ਸਟੋਇਨਿਸ ਦੀ ਧਮਾਕੇਦਾਰ ਪਾਰੀ ਨਾਲ ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ
Tuesday, Oct 25, 2022 - 08:42 PM (IST)
ਪਰਥ- ਮਾਰਕਸ ਸਟੋਇਨਿਸ ਦੀਆਂ 18 ਗੇਂਦਾਂ ਵਿਚ ਅਜੇਤੂ 59 ਦੌੜਾਂ ਦੀ ਪਾਰੀ ਦੀ ਬਦੌਲਤ ਆਸਟ੍ਰੇਲੀਆ ਨੇ ਟੀ-20 ਵਿਸ਼ਵ ਕੱਪ ਦੇ ਸੁਪਰ 12 ਗੇੜ ਵਿਚ ਗਰੁੱਪ ਇਕ ਦੇ ਮੈਚ ਵਿਚ ਸ਼੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ 'ਚ ਜ਼ਬਰਦਸਤ ਵਾਪਸੀ ਕੀਤੀ। ਮੈਨ ਆਫ ਦਿ ਮੈਚ ਸਟੋਇਨਿਸ ਨੇ ਆਪਣੀ ਪਾਰੀ ਵਿੱਚ ਚਾਰ ਚੌਕੇ ਅਤੇ ਛੇ ਛੱਕੇ ਜੜੇ ਜੜ ਕੇ ਮੈਚ ਦਾ ਰੁਖ ਪੂਰੀ ਤਰ੍ਹਾਂ ਨਾਲ ਆਸਟਰੇਲੀਆ ਵੱਲ ਮੋੜ ਦਿੱਤਾ। ਇਹ ਆਸਟਰੇਲੀਆ ਵੱਲੋਂ ਟੀ-20 ਵਿੱਚ ਸਭ ਤੋਂ ਤੇਜ਼ ਅਰਧ ਸੈਂਕੜੇ ਹੈ।
ਸ਼੍ਰੀਲੰਕਾ ਨੇ ਚਰਿਥ ਅਸਲੰਕਾ ਦੀਆਂ ਅਜੇਤੂ 38 ਦੌੜਾਂ ਦੀ ਪਾਰੀ ਦੇ ਦਮ 'ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਛੇ ਵਿਕਟਾਂ 'ਤੇ 157 ਦੌੜਾਂ ਬਣਾਈਆਂ। ਆਸਟਰੇਲੀਆ ਨੇ 16.3 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ। ਕਪਤਾਨ ਐਰੋਨ ਫਿੰਚ 31 ਦੌੜਾਂ ਬਣਾ ਕੇ ਅਜੇਤੂ ਰਹੇ। ਫਿੰਚ ਨੇ ਆਪਣੀ 42 ਗੇਂਦਾਂ ਦੀ ਪਾਰੀ ਦੌਰਾਨ ਕਦੇ ਵੀ ਸਹਿਜ ਨਹੀਂ ਦਿਸਿਆ, ਜਦੋਂ ਕਿ ਸਟੋਇਨਿਸ ਨੇ ਜਿਵੇਂ ਹੀ ਕ੍ਰੀਜ਼ 'ਤੇ ਕਦਮ ਰੱਖਿਆ ਤਾਂ ਤੇਜ਼ ਸ਼ਾਟ ਖੇਡੇ। ਉਸਨੇ ਆਪਣਾ ਅਰਧ ਸੈਂਕੜਾ 17 ਗੇਂਦਾਂ ਵਿੱਚ ਪੂਰਾ ਕੀਤਾ ਜੋ ਯੁਵਰਾਜ ਸਿੰਘ ਤੋਂ ਬਾਅਦ ਟੀ-20 ਵਿਸ਼ਵ ਕੱਪ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ।
ਇਹ ਵੀ ਪੜ੍ਹੋ : ਸੇਰੇਨਾ ਵਿਲੀਅਮਸ ਟੈਨਿਸ ਤੋਂ ਨਹੀਂ ਲਵੇਗੀ ਸੰਨਿਆਸ, ਕੋਰਟ 'ਤੇ ਵਾਪਸੀ ਦਾ ਦਿੱਤਾ ਸੰਕੇਤ
ਸਟੋਇਨਿਸ ਅਤੇ ਫਿੰਚ ਨੇ 25 ਗੇਂਦਾਂ ਵਿੱਚ 69 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਆਸਟਰੇਲੀਆ ਲਈ ਗਲੇਨ ਮੈਕਸਵੈੱਲ ਨੇ ਵੀ 12 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ।ਸ਼੍ਰੀਲੰਕਾ ਦੇ ਅਣਬੁੱਝੇ ਸਪਿਨਰ ਵਨਿੰਦੂ ਹਸਾਰੰਗਾ ਨੇ ਤਿੰਨ ਓਵਰਾਂ ਵਿੱਚ 53 ਦੌੜਾਂ ਦਿੱਤੀਆਂ।ਮਹਿਸ਼ ਤੀਕਸ਼ਨਾ ਨੇ ਤਿੰਨ ਓਵਰਾਂ ਵਿੱਚ ਇੱਕ ਵਿਕਟ ਦੇ ਕੇ 23 ਦੌੜਾਂ ਦਿੱਤੀਆਂ। ਸ਼੍ਰੀਲੰਕਾ ਦੇ ਬੱਲੇਬਾਜ਼ ਸ਼ੁਰੂਆਤੀ ਓਵਰਾਂ ਵਿੱਚ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਸਨ ਪਰ ਟੀਮ ਨੇ ਆਖਰੀ ਦੋ ਓਵਰਾਂ ਵਿੱਚ 31 ਦੌੜਾਂ ਜੋੜ ਕੇ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ।
ਅਸਲੰਕਾ ਨੇ 25 ਗੇਂਦਾਂ ਦੀ ਅਜੇਤੂ ਪਾਰੀ ਵਿੱਚ ਤਿੰਨ ਚੌਕੇ ਤੇ ਦੋ ਛੱਕੇ ਲਾਏ। ਉਸ ਦਾ ਚਮਿਕਾ ਕਰੁਣਾਰਤਨੇ (ਸੱਤ ਗੇਂਦਾਂ ਵਿੱਚ ਨਾਬਾਦ 14) ਨੇ ਚੰਗਾ ਸਾਥ ਦਿੱਤਾ ਅਤੇ ਦੋਵਾਂ ਨੇ ਸੱਤਵੇਂ ਵਿਕਟ ਲਈ ਆਖਰੀ 15 ਗੇਂਦਾਂ ਵਿੱਚ 37 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਟੀਮ ਲਈ ਪਥੁਮ ਨਿਸਾਂਕਾ ਨੇ 45 ਗੇਂਦਾਂ ਵਿੱਚ 40 ਅਤੇ ਧਨੰਜੇ ਡੀ ਸਿਲਵਾ ਨੇ 23 ਗੇਂਦਾਂ ਵਿੱਚ 26 ਦੌੜਾਂ ਦੀ ਦੂਜੀ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਕੀਤੀ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ, ਪੈਟ ਕਮਿੰਸ, ਮਿਸ਼ੇਲ ਸਟਾਰਕ, ਐਸ਼ਟਨ ਐਗਰ ਅਤੇ ਮੈਕਸਵੈੱਲ ਨੇ ਇਕ-ਇਕ ਵਿਕਟ ਲਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।