ਟੀ20 : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾਇਆ
Tuesday, Sep 03, 2019 - 11:22 PM (IST)

ਪਾਲੇਕਲ— ਕੇਲਿਨ ਡਿ ਗ੍ਰੈਂਡਹੋਮ (59) ਤੇ ਟਾਮ ਬਰੂਸ (53) ਦੀ ਅਰਧ ਸੈਂਕੜਿਆਂ ਵਾਲੀ ਪਾਰੀਆਂ ਤੇ ਦੋਵਾਂ ਦੇ ਵਿਚ ਚੌਥੇ ਵਿਕਟ ਦੀ 103 ਦੌੜਾਂ ਦੀ ਸਾਂਝੇਦਾਰੀ ਨਾਲ ਨਿਊਜ਼ੀਲੈਂਡ ਨੇ ਦੂਜੇ ਟੀ-20 ਮੁਕਾਬਲੇ ’ਚ 2 ਗੇਂਦਾਂ ਰਹਿੰਦੇ ਹੋਏ ਸ਼੍ਰੀਲੰਕਾ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ’ਚ 2-0 ਨਾਲ ਬੜ੍ਹਤ ਹਾਸਲ ਕਰ ਲਈ ਹੈ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 9 ਵਿਕਟਾਂ ’ਤੇ 161 ਦੌੜਾਂ ਬਣਾਈਆਂ, ਜਿਸ ਦੇ ਜਵਾਬ ’ਚ ਨਿਊਜ਼ੀਲੈਂਡ ਨੇ 19.4 ਓਵਰਾਂ ’ਚ 6 ਵਿਕਟਾਂ ’ਤੇ 165 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਨਿਊਜ਼ੀਲੈਂਡ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਤੇ ਦੂਜੇ ਓਵਰ ’ਚ ਹੀ ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ (13) ਦੌੜਾਂ ’ਤੇ ਆਊਟ ਹੋ ਗਿਆ।
ਹਾਲਾਂਕਿ ਸ਼੍ਰੀਲੰਕਾਈ ਟੀਮ ਨੇ ਆਖਰੀ ਓਵਰਾਂ ’ਚ ਵਧੀਆ ਗੇਂਦਬਾਜ਼ੀ ਕਰ ਨਿਊਜ਼ੀਲੈਂਡ ਨੂੰ ਬੈਕਫੁਟ ’ਤੇ ਜ਼ਰੂਰ ਖੜਾ ਕੀਤਾ ਪਰ ਆਖਰੀ ਓਵਰ ’ਚ ਸੇਂਟਨਰ ਨੇ ਸ਼ਾਨਦਾਰ ਪਾਰੀ ਖੇਡੀ। ਉਸ ਨੇ 2 ਗੇਂਦਾਂ ’ਤੇ 10 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ ਜਿੱਤ ਹਾਸਲ ਕਰਵਾਈ। ਸ਼੍ਰੀਲੰਕਾ ਵਲੋਂ ਓਰਸੇ ਅਕਿਤਾ ਧਨੰਜਅ ਨੇ 3 ਵਿਕਟਾਂ ਹਾਸਲ ਕੀਤੀਆਂ। ਕਪਤਾਨ ਲਸਿਥ ਮਲਿੰਗਾ ਨੂੰ ਕੋਈ ਵੀ ਵਿਕਟ ਨਹੀਂ ਮਿਲੀ।