ਪਾਵਰਲਿਫਟਰ ਟੀ ਵਿਸ਼ਾਲ ਨੇ ਸਪੈਸ਼ਲ ਓਲੰਪਿਕ ''ਚ ਭਾਰਤ ਲਈ ਜਿੱਤਿਆ ਪਹਿਲਾ ਤਮਗਾ
Wednesday, Jun 21, 2023 - 11:50 AM (IST)
ਬਰਲਿਨ (ਵਾਰਤਾ)- ਪੁਡੂਚੇਰੀ ਦੇ ਟੀ ਵਿਸ਼ਾਲ ਨੇ 2023 ਦੀਆਂ ਵਿਸ਼ੇਸ਼ ਓਲੰਪਿਕ ਵਿਸ਼ਵ ਖੇਡਾਂ ਵਿਚ ਪਾਵਰਲਿਫਟਿੰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਤਮਗਾ ਸੂਚੀ ਵਿਚ ਭਾਰਤ ਦਾ ਖਾਤਾ ਖੋਲ ਦਿੱਤਾ ਹੈ। ਇਸ 16 ਸਾਲਾ ਲਿਫਟਰ ਨੇ ਪੁਰਸ਼ਾਂ ਦੇ ਸਕੁਐਟ ਈਵੈਂਟ (122.50 ਕਿਲੋਗ੍ਰਾਮ), ਡੈੱਡਲਿਫਟ ਈਵੈਂਟ (155 ਕਿਲੋਗ੍ਰਾਮ), ਬੈਂਚ ਪ੍ਰੈਸ (85 ਕਿਲੋਗ੍ਰਾਮ) ਅਤੇ ਸੰਯੁਕਤ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਸੋਮਵਾਰ ਨੂੰ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ। ਆਪਣੇ ਮਾਤਾ-ਪਿਤਾ ਵੱਲੋਂ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤੇ ਜਾਣ 'ਤੇ ਵਿਸ਼ਾਲ ਨੇ ਪੈਰਾਲੰਪਿਕ ਖੇਡਾਂ ਨੂੰ ਦੇਖ ਕੇ ਅਥਲੀਟ ਬਣਨ ਦਾ ਫੈਸਲਾ ਕੀਤਾ ਸੀ। ਉਸਨੇ ਤੁਰੰਤ ਆਪਣੇ ਮਾਪਿਆਂ ਨੂੰ ਕਿਹਾ ਕਿ ਉਹ ਉਸਨੂੰ ਇੱਕ ਕੋਚ ਲੱਭ ਕੇ ਦੇਣ ਜੋ ਉਸਨੂੰ ਖੇਡ ਦੀਆਂ ਤਕਨੀਕਾਂ ਅਤੇ ਜ਼ਰੂਰੀ ਗੱਲਾਂ ਸਿਖਾ ਸਕੇ।
ਜਦੋਂ ਵਿਸ਼ਾਲ ਦੇ ਪਿਤਾ ਨੂੰ ਸਪੈਸ਼ਲ ਓਲੰਪਿਕ ਭਾਰਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਕੋਚ ਅਤੇ ਸਪੈਸ਼ਲ ਓਲੰਪਿਕ ਬਾਰਤ ਦੇ ਸਥਾਨਕ ਡਾਇਰੈਕਟਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸੰਸਥਾ ਵਿਚ ਭਰਤੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਵਿਸ਼ਾਲ ਦੀ ਮਾਂ ਹਾਲਾਂਕਿ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਉਨ੍ਹਾਂ ਦਾ ਬੇਟਾ ਵਿਸ਼ੇਸ਼ ਅਥਲੀਟ ਹੈ। SO ਭਾਰਤ ਪੁਡੂਚੇਰੀ ਖੇਤਰ ਦੀ ਡਾਇਰੈਕਟਰ ਚਿਤਰਾ ਸ਼ਾਹ ਦੱਸਦੀ ਹੈ, “ਹੁਣ ਵੀ, ਜਦੋਂ ਅਸੀਂ ਵਿਸ਼ਾਲ ਦੇ ਪ੍ਰਦਰਸ਼ਨ ਬਾਰੇ ਚਰਚਾ ਕਰਦੇ ਹਾਂ ਜਾਂ ਉਸ ਦੀਆਂ ਵਿਸ਼ੇਸ਼ ਲੋੜਾਂ ਬਾਰੇ ਗੱਲ ਕਰਦੇ ਹਾਂ, ਤਾਂ ਉਸਦੀ ਮਾਂ ਅਕਸਰ ਵਿਰੋਧ ਦਿਖਾਉਂਦੀ ਹੈ। ਅਸੀਂ ਉਨ੍ਹਾਂ ਨੂੰ ਨਾ ਸਿਰਫ਼ ਵਿਸ਼ਾਲ ਦੀਆਂ ਵਿਸ਼ੇਸ਼ ਲੋੜਾਂ ਨੂੰ ਸਵੀਕਾਰ ਕਰਨ ਲਈ ਪ੍ਰੇਰਿਤ ਕੀਤਾ, ਸਗੋਂ ਵਿਸ਼ਾਲ ਨੂੰ ਸਾਡੇ ਪ੍ਰੋਗਰਾਮ ਦੇ ਅੰਦਰ ਆਉਣ ਅਤੇ ਖੇਡਾਂ ਦਾ ਆਨੰਦ ਲੈਣ ਦੀ ਇਜਾਜ਼ਤ ਦਿੱਤੀ। ਇਸ ਨਾਲ ਉਸਨੂੰ ਆਪਣੇ ਸਾਥੀਆਂ ਦੇ ਸਮੂਹ ਨਾਲ ਪ੍ਰਦਰਸ਼ਨ ਕਰਦੇ ਹੋਏ ਖੇਡਾਂ ਵਿੱਚ ਬਿਹਤਰ ਹੋਣ ਵਿੱਚ ਮਦਦ ਮਿਲੇਗੀ, ਨਾਲ ਹੀ ਉਸਨੂੰ ਸਮਾਜ ਦਾ ਹਿੱਸਾ ਬਣਨ ਵਿੱਚ ਵੀ ਮਦਦ ਮਿਲੇਗੀ।'
ਚਿਤਰਾ ਦਾ ਕਹਿਣਾ ਹੈ ਕਿ ਖੇਡਾਂ ਵਿਚ ਹਿੱਸਾ ਲੈ ਕੇ ਉਹ ਸਮਾਜ ਨਾਲ ਬਿਹਤਰ ਤਰੀਕੇ ਨਾਲ ਜੁੜ ਰਿਹਾ ਹੈ। ਵਿਸ਼ਾਲ ਦੇ ਸਿਲਵਰ ਮੈਡਲ ਜਿੱਤਣ ਦੀ ਖ਼ਬਰ ਫੋਨ 'ਤੇ ਸੁਣ ਕੇ ਵਿਸ਼ਾਲ ਦੀ ਮਾਂ ਵੀ ਖੁਸ਼ੀ ਅਤੇ ਮਾਣ ਨਾਲ ਭਰ ਗਈ। ਇਸ ਦੌਰਾਨ ਕਈ ਹੋਰ ਭਾਰਤੀ ਖਿਡਾਰੀ ਤਮਗੇ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ। ਟਰੈਕ 'ਤੇ, 800 ਮੀਟਰ ਦੌੜਾਕ ਆਸਿਫ਼ ਮਲਾਨੂਰ (ਲੈਵਲ ਬੀ), ਸੋਹਮ ਰਾਜਪੂਤ (ਲੈਵਲ ਸੀ) ਅਤੇ ਗੀਤਾਂਜਲੀ ਨਾਗਵੇਕਰ (ਲੈਵਲ ਡੀ) ਆਪਣੇ ਈਵੈਂਟਸ ਦੇ ਫਾਈਨਲ ਵਿੱਚ ਪਹੁੰਚੇ, ਜਦੋਂ ਕਿ ਲਿਬਿਨ ਮੱਲਿਕਾ ਰਾਜਕੁਮਾਰ (ਲੈਵਲ ਬੀ) 200 ਮੀਟਰ ਵਿੱਚ ਫਾਈਨਲ ਵਿੱਚ ਪਹੁੰਚੇ। ਪੁਰਸ਼ਾਂ ਦੀ 43400 ਮੀਟਰ ਟੀਮ ਨੇ ਵੀ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।