T-20 World Cup : ਆਸਟਰੇਲੀਆ ਨੇ ਉਦਘਾਟਨੀ ਮੈਚ ’ਚ ਦੱਖਣੀ ਅਫਰੀਕਾ ਨੂੰ 5 ਵਿਕਟਾਂ ਨਾਲ ਹਰਾਇਆ

10/23/2021 8:45:08 PM

ਆਬੂਧਾਬੀ (ਯੂ. ਐੱਨ. ਆਈ.)–ਆਸਟਰੇਲੀਆ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਅਫਰੀਕਾ ਨੂੰ ਇੱਥੇ ਸ਼ਨੀਵਾਰ ਟੀ-20 ਵਿਸ਼ਵ ਕੱਪ 2021 ਦੇ ਉਦਘਾਟਨੀ ਮੁਕਾਬਲੇ ’ਚ 5 ਵਿਕਟਾਂ ਨਾਲ ਹਰਾ ਕੇ ਪੂਰੇ ਅੰਕ ਹਾਸਲ ਕੀਤੇ। ਆਸਟਰੇਲੀਆ ਨੇ ਦੱਖਣੀ ਅਫਰੀਕਾ ਨੂੰ ਗਰੁੱਪ-1 ਦੇ ਇਸ ਮੁਕਾਬਲੇ ’ਚ 9 ਵਿਕਟਾਂ ’ਤੇ 118 ਦੌੜਾਂ ਦੇ ਮਾਮੂਲੀ ਸਕੋਰ ’ਤੇ ਰੋਕਣ ਤੋਂ ਬਾਅਦ 19.4 ਓਵਰਾਂ ’ਚ 5 ਵਿਕਟਾਂ ’ਤੇ 121 ਦੌੜਾਂ ਬਣਾ ਕੇ ਟੂਰਨਾਮੈਂਟ ਵਿਚ ਜੇਤੂ ਸ਼ੁਰੂਆਤ ਕੀਤੀ। ਟੀਚਾ ਮੁਸ਼ਕਿਲ ਨਹੀਂ ਸੀ ਤੇ ਕਪਤਾਨ ਆਰੋਨ ਫਿੰਚ ਦੇ ਜ਼ੀਰੋ ਅਤੇ ਡੇਵਿਡ ਵਾਰਨਰ ਦੇ 14 ਦੌੜਾਂ ਬਣਾ ਕੇ ਟੀਮ  ਦੀਆਂ 20 ਦੌੜਾਂ ਦੇ ਸਕੋਰ ਤਕ ਪੈਵੇਲੀਅਨ ਪਰਤ ਜਾਣ ਤੋਂ ਬਾਅਦ ਸਟੀਵ ਸਮਿਥ ਨੇ 34 ਗੇਂਦਾਂ ਵਿਚ 3 ਚੌਕਿਆਂ ਦੀ ਮਦਦ ਨਾਲ 35 ਦੌੜਾਂ, ਗਲੇਨ ਮੈਕਸਵੈੱਲ ਨੇ 21 ਗੇਂਦਾਂ ਵਿਚ 18 ਦੌੜਾਂ, ਮਾਰਕਸ ਸਟੋਇੰਸ ਨੇ 16 ਗੇਂਦਾਂ ਵਿਚ 3 ਚੌਕਿਆਂ ਦੇ ਸਹਾਰੇ ਅਜੇਤੂ 24 ਤੇ ਵਿਕਟਕੀਪਰ ਮੈਥਿਊ ਵੇਡ ਨੇ 10 ਗੇਂਦਾਂ ’ਚ 2 ਚੌਕਿਆਂ ਦੇ ਸਹਾਰੇ ਅਜੇਤੂ 15 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ।

ਮੈਚ ਵਿਚ 19 ਦੌੜਾਂ ’ਤੇ ਦੋ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਦੱਖਣੀ ਅਫਰੀਕਾ ਦੀ ਟੀਮ ਸ਼ੁਰੂਆਤ ਤੋਂ ਹੀ ਸੰਘਰਸ਼ ਕਰਦੀ ਦਿਸੀ, ਜਿਸ ਕਾਰਨ ਉਹ 20 ਓਵਰਾਂ ’ਚ 9 ਵਿਕਟਾਂ ’ਤੇ 118 ਦੌੜਾਂ ਹੀ ਬਣਾ ਸਕੀ। ਆਸਟਰੇਲੀਆਈ ਗੇਂਦਬਾਜ਼ਾਂ, ਖਾਸ ਤੌਰ ’ਤੇ ਹੇਜ਼ਲਵੁਡ, ਪੈਟ ਕਮਿੰਸ ਤੇ ਐਡਮ ਜ਼ਾਂਪਾ ਨੇ ਕੱਸੀ ਹੋਈ ਗੇਂਦਬਾਜ਼ੀ ਰਾਹੀਂ ਤਿੰਨੋਂ ਸਲਾਮੀ ਬੱਲੇਬਾਜ਼ਾਂ ਨੂੰ ਬੰਨ੍ਹੀ ਰੱਖਿਆ। ਨਤੀਜੇ ਵਜੋਂ ਦਬਾਅ ਵਿਚ ਆ ਕੇ ਉਨ੍ਹਾਂ ਨੇ ਆਪਣੀਆਂ ਵਿਕਟਾਂ ਗੁਆ ਦਿੱਤੀਆਂ। ਕਵਿੰਟਨ ਡੀ ਕੌਕ ਦੇ ਨਾਲ ਓਪਨਿੰਗ ਕਰਨ ਆਇਆ ਕਪਤਾਨ ਤੇਂਬਾ ਬਾਵੂਮਾ ਸਭ ਤੋਂ ਪਹਿਲਾਂ ਸ਼ਿਕਾਰ ਬਣਿਆ। ਪਾਰਟ ਟਾਈਮ ਗੇਂਦਬਾਜ਼ ਗਲੇਨ ਮੈਕਸਵੈੱਲ ਨੇ ਉਸ ਨੂੰ ਆਊਟ ਕੀਤਾ। ਉਸ ਨੇ ਦੋ ਸ਼ਾਨਦਾਰ ਚੌਕਿਆਂ ਦੀ ਮਦਦ ਨਾਲ 7 ਗੇਂਦਾਂ ’ਤੇ 12 ਦੌੜਾਂ ਬਣਾਈਆਂ। ਉੱਥੇ ਹੀ ਡੀ ਕੌਕ ਇਕ ਚੌਕੇ ਦੀ ਮਦਦ ਨਾਲ 12 ਗੇਂਦਾਂ ’ਤੇ 7, ਜਦਕਿ ਆਖਰੀ ਅਭਿਆਸ ਮੈਚ ’ਚ ਪਾਕਿਸਤਾਨ ਵਿਰੁੱਧ ਧਮਾਕੇਦਾਰ ਸੈਂਕੜਾ ਲਾਉਣ ਵਾਲਾ ਰੈਸੀ ਡਾਨ ਡੂਸੇ ਤਿੰਨ ਗੇਂਦਾਂ ’ਤੇ ਦੋ ਦੌੜਾਂ ਬਣਾ ਕੇ ਆਊਟ ਹੋਇਆ। ਚੋਟੀਕ੍ਰਮ ਦੇ ਫਲਾਪ ਰਹਿਣ ਤੋਂ ਬਾਅਦ ਮੱਧਕ੍ਰਮ ਦੇ ਬੱਲੇਬਾਜ਼ ਐਡਨ ਮਾਰਕ੍ਰਮ ਨੇ ਪਾਰੀ ਨੂੰ ਸੰਭਾਲਿਆ, ਜਿਸ ਵਿਚ ਹੈਨਰਿਕ ਕਲਾਸੇਨ ਨੇ ਉਸ ਦਾ ਸਾਥ ਦਿੱਤਾ, ਹਾਲਾਂਕਿ ਕਲਾਸੇਨ ਲੰਬੀ ਪਾਰੀ ਨਹੀਂ ਖੇਡ ਸਕਿਆ ਤੇ ਦੋ ਚੌਕਿਆਂ ਦੀ ਮਦਦ ਨਾਲ 13 ਗੇਂਦਾਂ ’ਤੇ 13 ਦੌੜਾਂ ਬਣਾ ਕੇ ਆਊਟ ਹੋ ਗਿਆ।

ਇਸ ਤੋਂ ਬਾਅਦ ਤਜਰਬੇਕਾਰ ਬੱਲੇਬਾਜ਼ ਡੇਵਿਡ ਮਿਲਰ ਨੇ ਮਾਰਕ੍ਰਮ ਦੇ ਨਾਲ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ ਪੰਜਵੀਂ ਵਿਕਟ ਲਈ 34 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਮਿਲਰ ਹਾਲਾਂਕਿ ਆਪਣੀ ਸੁਭਾਵਿਕ ਖੇਡ ਨਹੀਂ ਖੇਡ ਸਕਿਆ ਤੇ ਬਗੈਰ ਕੋਈ ਬਾਊਂਡਰੀ ਲਾਏ 18 ਗੇਂਦਾਂ ’ਤੇ 16 ਦੌੜਾਂ ਬਣਾ ਕੇ ਆਪਣੀ ਵਿਕਟਾਂ ਗੁਆ ਦਿੱਤੀ ਪਰ ਮਾਰਕ੍ਰਮ ਦੂਜੇ ਪਾਸੇ ’ਤੇ ਟਿਕਿਆ ਰਿਹਾ ਤੇ ਉਸ ਨੇ  ਤਿੰਨ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 36 ਗੇਂਦਾਂ ’ਤੇ 40 ਦੌੜਾਂ ਦੀ ਅਹਿਮ ਪਾਰੀ ਖੇਡੀ। ਉੱਥੇ ਹੀ ਅੰਤ ’ਚ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੇ ਵੀ ਇਕ ਚੌਕੇ ਤੇ ਇਕ ਛੱਕੇ ਦੇ ਸਹਾਰੇ 23 ਗੇਂਦਾਂ ’ਤੇ 19 ਦੌੜਾਂ ਬਣਾਈਆਂ। ਉਨ੍ਹਾਂ ਦੇ ਇਸ ਯੋਗਦਾਨ ਦੀ ਵਜ੍ਹਾ ਨਾਲ ਹੀ ਟੀਮ 118 ਦੇ ਸਕੋਰ ਤਕ ਪਹੁੰਚੀ ਸੀ।


Manoj

Content Editor

Related News