ਤੈਰਾਕ ਸੁਯਸ਼ ਜਾਧਵ ਨੇ ਕੀਤਾ ਨਿਰਾਸ਼, ਨਿਯਮ ਦੀ ਉਲੰਘਣਾ ਕਾਰਨ ਡਿਸਕੁਆਲੀਫ਼ਾਈ

09/01/2021 5:02:17 PM

ਟੋਕੀਓ- ਭਾਰਤੀ ਪੈਰਾ ਤੈਰਾਕ ਸੁਯਸ਼ ਜਾਧਵ ਨੇ ਪੈਰਾਲੰਪਿਕ ਖੇਡਾਂ 'ਚ ਬੁੱਧਵਾਰ ਨੂੰ ਇੱਥੇ ਨਿਰਾਸ਼ ਕੀਤਾ ਜਦੋਂ ਪੁਰਸ਼ 100 ਮੀਟਰ ਬ੍ਰੈਸਟਸਟ੍ਰੋਕ ਐੱਸਬੀ7 ਫ਼ਾਈਨਲ 'ਚ ਨਿਯਮ ਦੇ ਉਲੰਘਣ ਲਈ ਉਨ੍ਹਾਂ ਨੂੰ ਡਿਸਕੁਆਲੀਫ਼ਾਈ ਕਰ ਦਿੱਤਾ ਗਿਆ।

ਏਸ਼ੀਅਨ ਪੈਰਾ ਖੇਡ 2018 'ਚ ਇਕ ਸੋਨ, ਦੋ ਕਾਂਸੀ ਤਮਗ਼ੇ ਜਿੱਤਣ ਵਾਲੇ ਜਾਧਵ ਨੂੰ ਵਿਸ਼ਵ ਪੈਰਾ ਤੈਰਾਕੀ ਨਿਯਮ 11.4.1 ਦਾ ਪਾਲਨ ਨਹੀਂ ਕਰਨ ਲਈ ਡਿਸਕੁਆਲੀਫ਼ਾਈ ਕਰ ਦਿੱਤਾ ਗਿਆ ਜਿਸ ਦੇ ਮੁਤਾਬਕ, ' ਮੁਕਾਬਲੇ ਦੀ ਸ਼ੁਰੂਆਤ 'ਤੇ ਪਹਿਲੀ ਬ੍ਰੈਸਟਸਟ੍ਰੋਕ ਕਿੱਕ ਤੋਂ ਪਹਿਲਾਂ ਤੇ ਹਰੇਕ ਲੈਪ 'ਤੇ ਮੁੜਨ ਦੇ ਸਮੇਂ ਸਿਰਫ਼ ਇਕ ਬਟਰਫ਼ਲਾਈ ਕਿੱਕ ਦੀ ਮਨਜ਼ੂਰੀ ਹੋਵੇਗੀ।' ਹਾਲਾਂਕਿ ਪਤਾ ਲੱਗਾ ਹੈ ਕਿ 27 ਸਾਲਾ ਜਾਧਵ ਨੇ ਲੈਪ ਖ਼ਤਮ ਹੋਣ 'ਤੇ ਮੁੜਨ ਦੇ ਬਾਅਦ ਇਕ ਤੋਂ ਵੱਧ 'ਫਲਾਈ ਕਿੱਕ' ਮਾਰੀ।

11 ਸਾਲ ਦੀ ਉਮਰ 'ਚ ਕਰੰਟ ਲੱਗਣ ਕਾਰਨ ਕੂਹਣੀ ਦੇ ਹੇਠਾਂ ਜਾਧਵ ਦੇ ਦੋਵੇਂ ਹੱਥ ਕੱਟਣੇ ਪਏ ਸਨ। ਇਸ ਮੁਕਾਬਲੇ ਦਾ ਸੋਨ ਤਮਗ਼ਾ ਕੋਲੰਬੀਆ ਦੇ ਸੇਰਾਨੋ ਜਰਾਟੇ ਸੀਡੀ ਨੇ ਇਕ ਮਿੰਟ 12.01 ਸਕਿੰਟ ਦੇ ਨਿੱਜੀ ਸਰਵਸ੍ਰੇਸ਼ਠ ਸਮੇਂ ਦੇ ਨਾਲ ਜਿੱਤਿਆ। ਚਾਂਦੀ ਦਾ ਤਮਗ਼ਾ ਰੂਸ ਪੈਰਾਲੰਪਿਕ ਕਮੇਟੀ ਦੇ ਇਗੋਰ ਇਫ੍ਰੋਸੀਨੀਆ (ਇਕ ਮਿੰਟ 16.43 ਸਕਿੰਟ) ਤੇ ਕਾਂਸੀ ਤਮਗ਼ਾ ਆਸਟਰੇਲੀਆ ਦੇ ਬਲੇਕ ਕੋਚਰੇਨ (ਇਕ ਮਿੰਟ 16.97 ਸਕਿੰਟ) ਨੇ ਜਿੱਤਿਆ। ਜਾਧਵ ਜੁਕਾਮ ਤੇ ਗਲੇ 'ਚ ਖ਼ਰਾਸ਼ ਕਾਰਨ ਸ਼ੁੱਕਰਵਾਰ ਨੂੰ ਆਪਣੇ ਪਹਿਲੇ ਮੁਕਾਬਲੇ 200 ਮੀਟਰ ਨਿੱਜੀ ਮੈਡਲੇ ਐੱਸ.ਐੱਮ7 'ਚ ਹਿੱਸਾ ਨਹੀਂ ਲੈ ਸਕੇ ਸਨ। ਉਹ ਸ਼ੁੱਕਰਵਾਰ ਨੂੰ 50 ਮੀਟਰ ਬਟਰਫ਼ਲਾਈ ਐੱਸ7 ਮੁਕਾਬਲੇ 'ਚ ਹਿੱਸਾ ਲੈਣਗੇ।


Tarsem Singh

Content Editor

Related News