ਡਿਸਕਸ ਥ੍ਰੋਅ 'ਚ ਸੁਵਰਣਾ ਰਾਜ ਨੇ ਰਚਿਆ ਇਤਿਹਾਸ, ਜਿੱਤਿਆ ਸੋਨ ਤਗਮਾ
Thursday, Oct 22, 2026 - 11:04 AM (IST)
ਸਪੋਰਟਸ ਡੈਸਕ : ਏਸ਼ੀਆਈ ਪੈਰਾ ਖੇਡਾਂ 2026 ਵਿੱਚ ਭਾਰਤ ਦੀ 44 ਸਾਲਾ ਪੈਰਾ ਐਥਲੀਟ ਸੁਵਰਣਾ ਰਾਜ ਨੇ ਮਹਿਲਾਵਾਂ ਦੀ F54 ਡਿਸਕਸ ਥ੍ਰੋ ਸਪਰਧਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਆਪਣੇ ਨਾਂ ਕੀਤਾ ਹੈ। ਗ੍ਰੇਟਰ ਨੋਇਡਾ ਦੀ ਰਹਿਣ ਵਾਲੀ ਸੁਵਰਣਾ ਨੇ ਆਪਣੇ ਪੰਜਵੇਂ ਯਤਨ ਵਿੱਚ 15.66 ਮੀਟਰ ਦਾ ਸਰਵੋਤਮ ਥ੍ਰੋ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਆਪਣੇ 6 ਯਤਨਾਂ ਵਿੱਚੋਂ 4 ਵਾਰ ਡਿਸਕਸ ਨੂੰ 15 ਮੀਟਰ ਤੋਂ ਵੱਧ ਦੂਰ ਸੁੱਟਿਆ। ਇਸ ਮੁਕਾਬਲੇ ਵਿੱਚ ਈਰਾਨ ਦੀ ਸ਼ਾਹਲਾ ਹਦੀਦੀ ਨੇ 15.45 ਮੀਟਰ ਨਾਲ ਚਾਂਦੀ ਦਾ ਤਗਮਾ ਅਤੇ ਵੀਅਤਨਾਮ ਦੀ ਥੀ ਨਗੋਕ ਥੁਈ ਗੁਯੇਨ ਨੇ 14.65 ਮੀਟਰ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਪਿਛਲੇ ਪ੍ਰਦਰਸ਼ਨ 'ਚ ਕੀਤਾ ਵੱਡਾ ਸੁਧਾਰ
ਸੁਵਰਣਾ ਨੇ ਇਸ ਜਿੱਤ ਨਾਲ ਪਿਛਲੀਆਂ ਏਸ਼ੀਆਈ ਪੈਰਾ ਖੇਡਾਂ ਦੇ ਆਪਣੇ ਪ੍ਰਦਰਸ਼ਨ ਵਿੱਚ ਬਹੁਤ ਵੱਡਾ ਸੁਧਾਰ ਕੀਤਾ ਹੈ। ਸਾਲ 2022 ਵਿੱਚ F54/F55 ਵਰਗ ਵਿੱਚ ਉਹ 15.39 ਮੀਟਰ ਦੇ ਥ੍ਰੋ ਨਾਲ ਅੱਠਵੇਂ ਸਥਾਨ 'ਤੇ ਰਹੀ ਸੀ, ਪਰ ਇਸ ਵਾਰ 15.66 ਮੀਟਰ ਦੇ ਥ੍ਰੋ ਨਾਲ ਉਨ੍ਹਾਂ ਨੇ ਸਿੱਧਾ ਸੋਨ ਤਗਮਾ ਹਾਸਲ ਕੀਤਾ। ਸੁਵਰਣਾ ਨੇ ਕੋਚ ਪਿੰਟੂ ਨਾਗਰ ਦੀ ਦੇਖ-ਰੇਖ ਹੇਠ ਸਿਖਲਾਈ ਲਈ ਹੈ ਅਤੇ ਉਹ 2017 ਤੋਂ ਪੈਰਾ ਐਥਲੇਟਿਕਸ ਵਿੱਚ ਸਰਗਰਮ ਹਨ। F54 ਡਿਸਕਸ ਥ੍ਰੋ ਸ਼੍ਰੇਣੀ ਵਿੱਚ ਉਹ ਏਸ਼ੀਆ ਦੀ ਦੂਜੀ ਰੈਂਕ ਵਾਲੀ ਐਥਲੀਟ ਹੈ।
ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਾਪਤੀਆਂ
ਅੰਤਰਰਾਸ਼ਟਰੀ ਪੱਧਰ 'ਤੇ ਵੀ ਸੁਵਰਣਾ ਦਾ ਰਿਕਾਰਡ ਬਿਹਤਰੀਨ ਰਿਹਾ ਹੈ। ਉਨ੍ਹਾਂ ਨੇ ਸਾਲ 2026 ਵਿੱਚ ਦੁਬਈ ਵਿੱਚ ਆਯੋਜਿਤ ਵਰਲਡ ਪੈਰਾ ਐਥਲੇਟਿਕਸ ਗ੍ਰਾਂ ਪ੍ਰੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜਨਵਰੀ 2026 ਵਿੱਚ ਆਸਟ੍ਰੇਲੀਆ ਦੇ ਕੈਨਬਰਾ ਟਰੈਕ ਮੀਟ ਵਿੱਚ ਡਿਸਕਸ ਥ੍ਰੋ ਵਿੱਚ ਸੋਨ ਅਤੇ ਸ਼ਾਟ ਪੁੱਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਖੇਡਾਂ ਦੇ ਨਾਲ-ਨਾਲ ਉਹ ਦਿਵਿਆਂਗਜਨਾਂ ਦੇ ਅਧਿਕਾਰਾਂ ਅਤੇ ਸੁਗਮਤਾ ਨਾਲ ਜੁੜੇ ਕਾਰਜਾਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਂਦੀ ਹੈ।
